ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਰਧ ਆਸ਼ਰਮ !

08:02 AM Oct 21, 2023 IST

ਸ਼ਿਵੰਦਰ ਕੌਰ

Advertisement

ਇਸ ਵਾਰ ਛੋਟੀ ਭੈਣ ਮਿਲਣ ਆਈ ਤਾਂ ਗੱਲਾਂ-ਬਾਤਾਂ ਕਰਦਿਆਂ ਮੇਰੀ ਜਾਣ-ਪਛਾਣ ਵਾਲੀ ਇੱਕ ਔਰਤ ਦਾ ਜਿ਼ਕਰ ਆ ਗਿਆ। ਮੈਂ ਉਤਸੁਕਤਾ ਨਾਲ ਉਸ ਦਾ ਹਾਲ-ਚਾਲ ਪੁੱਛਿਆ। ਮੇਰੀ ਗੱਲ ਦਾ ਜਵਾਬ ਜੋ ਮੇਰੀ ਭੈਣ ਨੇ ਦਿੱਤਾ, ਸੁਣ ਕੇ ਮਨ ਨੂੰ ਬੜਾ ਦੁੱਖ ਲੱਗਿਆ। ਉਸ ਨੇ ਦੱਸਿਆ ਕਿ ਉਹ ਤਾਂ ਤਿੰਨ ਮਹੀਨਿਆਂ ਦੀ ਮੰਜੇ ’ਤੇ ਹੈ। ਥਾਂ ਥਾਂ ਤੋਂ ਲਾਗੇ ਲੱਗੇ ਪਏ ਹਨ। ਬੁਰਾ ਹਾਲ ਹੈ।
ਉਸ ਦੀ ਹਾਲਤ ਬਾਰੇ ਸੁਣ ਕੇ ਮੇਰੀਆਂ ਅੱਖਾਂ ਛਲਕ ਪਈਆਂ। ਧੁੰਦਲੀਆਂ ਅੱਖਾਂ ਅੱਗੇ ਉਸ ਦੀ ਉਹ ਤਸਵੀਰ ਆਣ ਖਲੋਤੀ ਜਦੋਂ ਉਹ ਸਿਹਤ ਵਿਭਾਗ ਵਿਚ ਮੁਲਾਜ਼ਮ ਹੋਣ ਕਰ ਕੇ ਸਾਡੇ ਸਕੂਲ ਵਿਚ ਬੱਚਿਆਂ ਦੀ ਸਿਹਤ ਦਾ ਮੁਆਇਨਾ ਕਰਨ, ਕਈ ਵਾਰ ਗੋਲੀਆਂ ਵੰਡਣ ਜਾਂ ਟੀਕੇ ਲਾਉਣ ਆਉਂਦੀ ਹੁੰਦੀ ਸੀ। ਉਸ ਦੀ ਸ਼ਖ਼ਸੀਅਤ ਇੰਨੀ ਮਨਮੋਹਕ ਸੀ ਕਿ ਕੁਦਰਤ ਦੀ ਬਖ਼ਸ਼ੀ ਸੂਰਤ ਅਤੇ ਸੀਰਤ ਦਾ ਅਦੁੱਤੀ ਮੇਲ ਸੀ। ਸੁਭਾਅ ਹਲੀਮੀ ਵਾਲਾ ਅਤੇ ਹਸਮੁਖ। ਉਸ ਦੇ ਪਿਆਰ ਭਰੇ ਵਤੀਰੇ ਕਾਰਨ ਟੀਕੇ ਲਗਵਾਉਣ ਸਮੇਂ ਕਦੇ ਬੱਚੇ ਸਾਡੇ ਸਮਿਆਂ ਵਾਂਗ ਸਕੂਲੋਂ ਭੱਜੇ ਨਹੀਂ ਸਨ।
ਪਿੰਡ ਵਿਚ ਹੀ ਰਹਿੰਦੀ ਹੋਣ ਕਾਰਨ ਕਈ ਵਾਰ ਉਹ ਮੇਰੇ ਨਾਲ ਘਰ ਵੀ ਆ ਜਾਂਦੀ ਸੀ। ਇਉਂ ਸਾਡੇ ਚੰਗੇ ਨਿੱਘੇ ਸਬੰਧ ਬਣ ਗਏ ਸਨ। ਇੱਕ ਵਾਰ ਜਦੋਂ ਉਹ ਕਾਫ਼ੀ ਪ੍ਰੇਸ਼ਾਨ ਸੀ ਤਾਂ ਮੈਂ ਉਸ ਤੋਂ ਪ੍ਰੇਸ਼ਾਨੀ ਦਾ ਕਾਰਨ ਪੁੱਛਿਆ। ਪਹਿਲਾਂ ਤਾਂ ਉਸ ਨੇ ਟਾਲਣਾ ਚਾਹਿਆ ਪਰ ਜ਼ੋਰ ਦੇਣ ’ਤੇ ਦੱਸਿਆ: “ਮੇਰੀ ਸ਼ਾਦੀ ਖਾਂਦੇ ਪੀਂਦੇ ਪਰਿਵਾਰ ਵਿਚ ਚੰਗੀ ਨੌਕਰੀ ’ਤੇ ਲੱਗੇ ਸ਼ਖ਼ਸ ਨਾਲ ਹੋਈ ਸੀ। ਹੋ ਸਕਦਾ, ਮੇਰੇ ਸੁਹੱਪਣ ’ਤੇ ਰੀਝ ਕੇ ਉਸ ਨੇ ਮੇਰਾ ਪੇਕਾ ਪਰਿਵਾਰ ਉਨ੍ਹਾਂ ਦੇ ਬਰਾਬਰ ਦਾ ਨਾ ਹੋਣ ’ਤੇ ਵੀ ਮੇਰੇ ਨਾਲ ਸ਼ਾਦੀ ਕਰ ਲਈ ਹੋਵੇ! ਜਿ਼ੰਦਗੀ ਸੋਹਣੀ ਲੰਘ ਰਹੀ ਸੀ। ਦੋ ਕੁ ਸਾਲਾਂ ਬਾਅਦ ਸਾਡੇ ਘਰ ਧੀ ਨੇ ਜਨਮ ਲਿਆ। ਸਾਲ ਕੁ ਦੀ ਹੋਣ ’ਤੇ ਸਾਨੂੰ ਸ਼ੱਕ ਪੈਣ ਲੱਗ ਪਿਆ ਕਿ ਉਹ ਆਪਣੀ ਉਮਰ ਦੇ ਦੂਜੇ ਬੱਚਿਆਂ ਵਰਗੀ ਨਹੀਂ। ਥੋੜ੍ਹੀ ਵੱਡੀ ਹੋਈ ਤਾਂ ਸ਼ੱਕ ਯਕੀਨ ਵਿਚ ਬਦਲ ਗਿਆ। ਉਹ ਮਾਨਸਿਕ ਅਤੇ ਸਰੀਰਕ ਪੱਖੋਂ ਆਪਣੀ ਉਮਰ ਦੇ ਬੱਚਿਆਂ ਨਾਲੋਂ ਕਮਜ਼ੋਰ ਸੀ। ਬੋਲਣ ਵੇਲੇ ਵੀ ਉਸ ਦੀ ਆਵਾਜ਼ ਸਾਫ਼ ਨਹੀਂ ਸੀ। ਅਸੀਂ ਸਮਝ ਗਏ ਕਿ ਉਸ ਦਾ ਦਿਮਾਗ ਪੂਰੀ ਤਰ੍ਹਾਂ ਵਿਕਸਿਤ ਨਾ ਹੋਣ ਕਰ ਕੇ ਉਹ ਉਮਰ ਭਰ ਆਮ ਮਨੁੱਖ ਦੇ ਹਾਣ ਦੀ ਨਹੀਂ ਹੋ ਸਕੇਗੀ। ਮੈਨੂੰ ਦੁੱਖ ਤਾਂ ਹੋਇਆ ਪਰ ਮੈਂ ਛੇਤੀ ਹੀ ਇਸ ਹਕੀਕਤ ਨੂੰ ਸਵੀਕਾਰ ਕਰ ਲਿਆ ਪਰ ਧੀ ਦਾ ਬਾਪ ਉਸ ਨੂੰ ਸਾਰੀ ਉਮਰ ਦਾ ਬੋਝ ਸਮਝਣ ਲੱਗ ਪਿਆ ਅਤੇ ਉਸ ਤੋਂ ਖਹਿੜਾ ਛੁਡਾਉਣ ਦੀਆਂ ਸਕੀਮਾਂ ਬਣਾਉਣ ਲੱਗ ਪਿਆ। ਅਜਿਹੀ ਸੋਚ ਨੇ ਉਸ ਅੰਦਰਲੀਆਂ ਸੂਖਮ ਭਾਵਨਾਵਾਂ, ਕੋਮਲ ਜਜ਼ਬਿਆਂ ਅਤੇ ਸੰਵੇਦਨਾਵਾਂ ਖ਼ਤਮ ਕਰ ਦਿੱਤੀਆਂ। ਉਸ ਦੇ ਬੋਲ ਕੁਬੋਲ ਜ਼ਹਿਰੀਲੇ ਤੀਰਾਂ ਵਾਂਗ ਕਾਲਜਾ ਫੂਕਦੇ ਰਹਿੰਦੇ। ਮਾਂ ਤਾਂ ਬੱਚਿਆਂ ਦੀਆਂ ਪੀੜਾਂ ਹਰਨ ਅਤੇ ਜ਼ਖ਼ਮਾਂ ਭਰਨ ਵਾਲੀ ਦਵਾ ਹੁੰਦੀ ਹੈ, ਉਹ ਕਾਲਜੇ ਦੇ ਟੁਕੜੇ ਨੂੰ ਕੂੜੇ ਵਾਂਗ ਸੁੱਟਣ ਲਈ ਕਿਵੇਂ ਸੋਚ ਸਕਦੀ ਹੈ?” ਉਸ ਦੀਆਂ ਅੱਖਾਂ ਵਿਚੋਂ ਹੰਝੂ ਕਿਰ ਰਹੇ ਸਨ ਜਨਿ੍ਹਾਂ ਵਿਚ ਕੋਈ ਵੱਖਰਾ ਹੀ ਦਰਦ ਸਮੋਇਆ ਹੋਇਆ ਸੀ। ਇਸ ਦਰਦ ਨਾਲ ਉਸ ਦਾ ਚਿਹਰਾ ਫਿੱਕਾ ਪੈ ਰਿਹਾ ਸੀ।
“ਸਾਡਾ ਲੜਾਈ ਝਗੜਾ ਇਥੋਂ ਤੱਕ ਵਧ ਗਿਆ ਕਿ ਮੈਂ ਆਪਣੇ ਪੇਕੇ ਘਰ ਆ ਗਈ ਤੇ ਉਥੋਂ ਹੀ ਡਿਊਟੀ ’ਤੇ ਜਾਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਸਾਡੀ ਮਾਵਾਂ ਧੀਆਂ ਦੀ ਬਾਤ ਨਾ ਪੁੱਛੀ ਤਾਂ ਮੇਰਾ ਬਾਪ ਪੰਚਾਇਤ ਲੈ ਕੇ ਉਨ੍ਹਾਂ ਦੇ ਦਰ ’ਤੇ ਗਿਆ ਪਰ ਉਹ ਇਕ ਲੱਤ ’ਤੇ ਹੀ ਅੜਿਆ ਰਿਹਾ ਕਿ ਤਲਾਕ ਹੀ ਲੈਣਾ ਹੈ। ਉਹ ਧੀ ਦੇ ਨਾਲ ਮੇਰੇ ਕੋਲੋਂ ਵੀ ਖਹਿੜਾ ਛੁਡਾਉਣਾ ਚਾਹੁੰਦਾ ਸੀ।”
ਉਹ ਦੱਸਦੀ ਗਈ, “ਮੈਂ ਤਲਾਕ ਦੇਣ ਤੋਂ ਅੜ ਗਈ ਪਰ ਮਾਂ ਨੇ ਵਾਰ ਵਾਰ ਸਮਝਾਇਆ- ਪੁੱਤ ਹੁਣ ਤਾਂ ਤੇਰੀ ਉਮਰ ਐ, ਕੋਈ ਹੋਰ ਹੀਲਾ ਕਰ ਲਵਾਂਗੇ, ਫਿਰ ਤਾਂ ਇਥੋਂ ਜੋਗੀ ਰਹਿ ਜਾਵੇਂਗੀ। ਅਸੀਂ ਤਾਂ ਨਦੀ ਕਨਿਾਰੇ ਰੁੱਖੜਾ ਹਾਂ। ਅਖੀਰ ਮੈਂ ਮਾਪਿਆਂ ਦੀ ਮੰਨ ਲਈ। ਉਨ੍ਹਾਂ ਨੱਠ ਭੱਜ ਕਰ ਕੇ ਖੇਤੀ ਕਰਦੇ ਸਾਧਾਰਨ ਜਿਹੇ ਪਰਿਵਾਰ ਵਾਲੇ ਘਰ ਤੋਰ ਦਿੱਤਾ ਪਰ ਇਹ ਬੰਦਾ ਉਸ ਪੜ੍ਹੇ ਲਿਖੇ ਅਤੇ ਚੰਗੀ ਗੁੰਜਾਇਸ਼ ਵਾਲੇ ਨਾਲੋਂ ਹਜ਼ਾਰਾਂ ਗੁਣਾਂ ਚੰਗਾ ਸੀ। ਉਸ ਨੇ ਮੇਰੀ ਧੀ ਨੂੰ ਵੀ ਅਪਣਾ ਲਿਆ। ਕੁਝ ਸਮੇਂ ਬਾਅਦ ਰਿਸ਼ਟ-ਪੁਸ਼ਟ ਪੁੱਤਰ ਵੀ ਹੋ ਗਿਆ। ਮੈਂ ਧੀ ਨੂੰ ਆਪਣੇ ਕੰਮ ਆਪ ਕਰਨ ਯੋਗ ਬਣਾਉਣ ਲਈ ਉਸ ਦੀ ਪੂਰੀ ਮਦਦ ਕੀਤੀ। ਘਰ ਵਿਚ ਖੁਸ਼ੀਆਂ ਤੇ ਰੌਣਕਾਂ ਦਾ ਵਾਸਾ ਸੀ ਪਰ ਇਹ ਰੌਣਕ ਥੋੜ੍ਹ-ਚਿਰੀ ਸੀ। ਦਿਲ ਦੇ ਦੌਰੇ ਨਾਲ ਪਤੀ ਦੀ ਮੌਤ ਕਾਰਨ ਖੁਸ਼ੀਆਂ ਨੂੰ ਅੱਗ ਲੱਗ ਗਈ। ਜਿ਼ੰਦਗੀ ਨੇ ਇੱਕ ਵਾਰ ਫਿਰ ਇਕੱਲ ਤੇ ਦੁੱਖਾਂ ਦੀ ਭੱਠੀ ’ਚ ਝੋਕ ਦਿੱਤਾ।”
ਹੌਲੀ ਹੌਲੀ ਉਸ ਨੇ ਜਿ਼ੰਦਗੀ ਨੂੰ ਲੀਹ ’ਤੇ ਲੈ ਆਂਦਾ ਪਰ ਧੀ ਦਾ ਝੋਰਾ ਉਸ ਨੂੰ ਅੰਦਰੋ-ਅੰਦਰ ਖਾਈ ਜਾਂਦਾ। ਉਸ ਦੇ ਭਵਿੱਖ ਬਾਰੇ ਗੱਲ ਤੁਰਦੀ ਤਾਂ ਠੰਢਾ ਹਉਕਾ ਧੁਰ ਅੰਦਰੋਂ ਨਿਕਲਦਾ, ਬੇਸ਼ੱਕ ਧੀ ਹੁਣ ਖ਼ੁਦ ਨੂੰ ਸੰਭਾਲਣਾ ਸਿੱਖ ਗਈ ਸੀ।
ਫਿਰ ਉਸ ਦੀ ਤਰੱਕੀ ਹੋ ਗਈ। ਉਹ ਨਵੀਂ ਥਾਂ ਅਤੇ ਹੋਰ ਬਲਾਕ ਵਿਚ ਚਲੀ ਗਈ। ਹੌਲੀ ਹੌਲੀ ਸਾਡਾ ਆਪਸ ਕੋਈ ਰਾਬਤਾ ਨਾ ਰਿਹਾ। ਕਈ ਸਾਲਾਂ ਬਾਅਦ ਅਚਨਚੇਤ ਕਿਸੇ ਵਿਆਹ ਵਿਚ ਇਕੱਠੀਆਂ ਹੋ ਗਈਆਂ। ਉਸ ਨੇ ਦੱਸਿਆ, “ਰਿਟਾਇਰਮੈਂਟ ਤੋਂ ਬਾਅਦ ਸ਼ਹਿਰ ਕੋਠੀ ਪਾ ਲਈ ਸੀ। ਪੁੱਤਰ ਦਾ ਰਿਸ਼ਤਾ ਕੈਨੇਡਾ ਰਹਿੰਦੇ ਪਰਿਵਾਰ ਦੀ ਲੜਕੀ ਨਾਲ ਹੋ ਗਿਆ, ਉਹ ਉੱਥੋਂ ਦਾ ਪੱਕਾ ਵਸਨੀਕ ਹੈ। ਅਸੀਂ ਇੱਕ ਵਾਰ ਮਾਵਾਂ ਧੀਆਂ ਦੋ ਕੁ ਮਹੀਨੇ ਲਈ ਉਸ ਕੋਲ ਗਈਆਂ ਸੀ।” ਇਹ ਦੱਸਦਿਆਂ ਉਸ ਦੇ ਬੋਲਾਂ ਅੰਦਰ ਪੀੜ ਝਲਕ ਰਹੀ ਸੀ। ਮੈਂ ਉਸ ਨੂੰ ਹੋਰ ਕੁਰਦੇਣਾ ਠੀਕ ਨਾ ਸਮਝਿਆ; ਉਸ ਨੂੰ ਆਪਣੀ ਭੈਣ ਬਾਰੇ ਜ਼ਰੂਰ ਦੱਸ ਦਿੱਤਾ ਜੋ ਉਸੇ ਸ਼ਹਿਰ ਵਿਚ ਰਹਿੰਦੀ ਸੀ।
ਕਈ ਵਾਰ ਸੋਚਿਆ, ਜਦੋਂ ਕਦੇ ਭੈਣ ਦੇ ਘਰ ਗਈ ਤਾਂ ਉਸ ਨੂੰ ਮਿਲ ਕੇ ਆਵਾਂਗੀ ਪਰ ਸਬਬ ਨਾ ਬਣਿਆ। ਅੱਜ ਜਦੋਂ ਭੈਣ ਨੇ ਦੱਸਿਆ ਕਿ ਜਿਸ ਧੀ ਦੇ ਫਿਕਰ ’ਚ ਉਹ ਦਿਨ ਰਾਤ ਡੁੱਬੀ ਰਹਿੰਦੀ ਸੀ, ਉਹੀ ਉਸ ਨੂੰ ਸਾਂਭ ਰਹੀ ਹੈ।
“ਉਂਝ ਤਾਂ ਭੈਣ ਜੀ, ਉਹ ਹੁਣ ਤੁਰ ਹੀ ਜਾਵੇ ਤਾਂ ਚੰਗਾ।” ਉਸ ਦੇ ਸਰੀਰਕ ਦੁੱਖ ਨੂੰ ਅਨੁਭਵ ਕਰਦਿਆਂ ਭੈਣ ਨੇ ਕਿਹਾ।
ਭੈਣ ਦੀ ਕਹੀ ਇਸ ਗੱਲ ਨੇ ਤ੍ਰਾਹ ਕੱਢ ਦਿੱਤਾ। ਉਸ ਦੀ ਧੀ ਬਾਰੇ ਸੋਚ ਕੇ ਅੱਖਾਂ ਛਲਕ ਪਈਆਂ।
ਨੌਜਵਾਨਾਂ ਨੂੰ ਤਾਂ ਇੱਥੇ ਆਪਣਾ ਭਵਿੱਖ ਧੁੰਦਲਾ ਦਿਖਾਈ ਦਿੰਦਾ ਹੈ। ਉਹ ਭਵਿੱਖ ਸੰਵਾਰਨ ਦੇ ਲਾਲਚਵੱਸ ਰੱਬੀ ਨਿਆਮਤ ਵਰਗੀਆਂ ਮਾਵਾਂ ਅਤੇ ਬਾਪ ਦਾ ਬਾਬੇ ਬਿਰਖ ਜਿਹਾ ਆਸਰਾ ਛੱਡ ਕੇ ਜਹਾਜ਼ ਚੜ੍ਹ ਰਹੇ ਹਨ। ਪਿੱਛੇ ਬਜ਼ੁਰਗ ਮਾਪੇ ਇਕੱਲ ਅਤੇ ਦੁੱਖਾਂ ਦੇ ਭੰਨੇ ਆਪਣਿਆਂ ਦੇ ਮੋਹ ਪਿਆਰ ਤੋਂ ਸੱਖਣੇ ਬੁਢਾਪੇ ਦੀ ਜੰਗ ਲੜ ਰਹੇ ਹਨ। ਕੀ ਸਾਡੇ ਹੁਕਮਰਾਨ ਕਦੇ ਨੌਜਵਾਨਾਂ ਦੇ ਭਵਿੱਖ ਬਾਰੇ ਆਪਣੀ ਜਿ਼ੰਮੇਵਾਰੀ ਸਮਝ ਕੇ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਤਲਾਸ਼ਣਗੇ? ਜੇ ਇਸ ਜਿ਼ੰਮੇਵਾਰੀ ਤੋਂ ਪਾਸਾ ਵੱਟੀ ਰੱਖਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵੱਡੇ ਬਿਰਧ ਆਸ਼ਰਮ ਵਿਚ ਤਬਦੀਲ ਹੋ ਜਾਵੇਗਾ।

ਸੰਪਰਕ: 76260-63596

Advertisement

Advertisement