ਨਿਸ਼ਾਨੇਬਾਜ਼ੀ ’ਚ ਓਜਸਵੀ ਠਾਕੁਰ ਅਤੇ ਅੰਸ਼ੁਲ ਬੱਤਰਾ ਅੱਵਲ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 17 ਨਵੰਬਰ
‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ- 3’ ਦੇ ਰਾਜ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲੇ ਇੱਥੋਂ ਦੇ ਫੇਜ਼ 6 ਦੀ ਸ਼ੂਟਿੰਗ ਰੇਂਜ ਵਿੱਚ ਸਮਾਪਤ ਹੋਏ। ਇਸ ਮੌਕੇ ਜੇਤੂਆਂ ਨੂੰ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਬੇਗੜਾ ਨੇ ਇਨਾਮ ਵੰਡੇ।
ਮੁਕਾਬਲਿਆਂ ਦੇ ਨਤੀਜਿਆਂ ਵਿੱਚ ਆਈਐੱਸਐੱਸਐੱਫ ਅੰਡਰ-17 ਏਅਰ ਰਾਈਫਲ ਲੜਕੀਆਂ ਵਿੱਚ ਮੁਹਾਲੀ ਦੀ ਓਜਸਵੀ ਠਾਕੁਰ 631.9 ਸਕੋਰ, ਅੰਡਰ-21 ਏਅਰ ਪਿਸਟਲ ਲੜਕੀਆਂ ਵਿੱਚ ਬਠਿੰਡਾ ਦੀ ਪਲਕ 574, ਅੰਡਰ-21, 50 ਮੀਟਰ ਪ੍ਰੋਨ ਲੜਕੀਆਂ ਵਿੱਚ ਪਟਿਆਲਾ ਦੀ ਸੌਮਿਆ ਗੁਪਤਾ 579, ਅੰਡਰ-21, 50 ਮੀਟਰ ਪ੍ਰੋਨ ਲੜਕੀਆਂ ਵਿੱਚ ਸੰਗਰੂਰ ਦੀ ਪ੍ਰਾਂਜਲੀ ਬਾਂਸਲ 589, ਅੰਡਰ-21, 50 ਮੀਟਰ ਪ੍ਰੋਨ ਲੜਕੀਆਂ ਵਿੱਚ ਮਾਲੇਰਕੋਟਲਾ ਦੀ ਵੰਸ਼ਿਕਾ ਸ਼ਾਹੀ 593 ਅਤੇ ਮਹਿਕ ਜਟਾਣਾ 571, ਅੰਡਰ-21 10 ਮੀਟਰ ਏਅਰ ਰਾਈਫਲ ਲੜਕੀਆਂ ਵਿੱਚ ਫਾਜ਼ਿਲਕਾ ਤੋਂ ਤਿਥੀ ਸਰਸਵਤ ਸਿੰਘ ਨੇ 397 ਸਕੋਰ ਹਾਸਲ ਕਰ ਕੇ ਗੋਲਡ ਮੈਡਲ ਜਿੱਤੇ।
ਅੰਡਰ- 40 ਕੈਟਾਗਿਰੀ ਵਿੱਚ 50 ਮੀਟਰ ਪ੍ਰੋਨ ਲੜਕਿਆਂ ਵਿੱਚ ਹੁਸ਼ਿਆਰਪੁਰ ਦਾ ਜਗਰੂਪ ਸਿੰਘ 585 ਸਕੋਰ, ਅੰਡਰ-17 ਏਅਰ ਰਾਈਫਲ ਲੜਕਿਆਂ ਵਿੱਚ ਫਾਜ਼ਿਲਕਾ ਦਾ ਅੰਸ਼ੁਲ ਬਤਰਾ 390, ਅੰਡਰ-21 ਏਅਰ ਰਾਈਫਲ ਲੜਕਿਆਂ ਵਿੱਚ ਮੁਹਾਲੀ ਦਾ ਦਰਸ਼ਪ੍ਰੀਤ ਸਿੰਘ 391, ਅੰਡਰ-21, 25 ਮੀਟਰ ਸਪੋਰਟਸ ਪਿਸਟਲ ਲੜਕਿਆਂ ਵਿੱਚ ਬਠਿੰਡਾ ਦਾ ਮਾਨਵ ਸਿੰਘ 570 ਸਕੋਰ ਨਾਲ ਸੋਨ ਤਗ਼ਮੇ ਹਾਸਲ ਕੀਤੇ। ਪ੍ਰਾਂਜਲੀ ਬਾਂਸਲ ਅਤੇ ਵੰਸ਼ਿਕਾ ਸ਼ਾਹੀ ਨੇ ਲਗਾਤਾਰ 2 ਮੈਡਲ ਜਿੱਤ ਕੇ ਲੜਕੀਆਂ ਦਾ ਸ਼ੂਟਿੰਗ ਵਿੱਚ ਨਾਮ ਰੌਸ਼ਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਸੋਨ ਤਗ਼ਮਾ ਜੇਤੂਆਂ ਨੂੰ 10 ਹਜ਼ਾਰ ਰੁਪਏ, ਚਾਂਦੀ ਜਿੱਤਣ ਵਾਲਿਆਂ ਨੂੰ 7 ਹਜ਼ਾਰ ਅਤੇ ਕਾਂਸੀ ਜਿੱਤਣ ਵਾਲਿਆਂ ਨੂੰ 5 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।