For the best experience, open
https://m.punjabitribuneonline.com
on your mobile browser.
Advertisement

ਪੰਜਾਬ ਨੂੰ ਕਰੋੜਾਂ ਦਾ ਚੂਨਾ ਲਗਾ ਰਹੇ ਨੇ ਆਇਲਸ ਕੇਂਦਰ

10:10 AM Aug 05, 2023 IST
ਪੰਜਾਬ ਨੂੰ ਕਰੋੜਾਂ ਦਾ ਚੂਨਾ ਲਗਾ ਰਹੇ ਨੇ ਆਇਲਸ ਕੇਂਦਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਅਗਸਤ
ਪੰਜਾਬ ਦੀ ‘ਆਇਲਸ ਮਾਰਕੀਟ’ ’ਚ ਕਰੋੜਾਂ ਰੁਪਏ ਦੀ ਟੈਕਸ ਚੋਰੀ ਹੋਣ ਦਾ ਪਤਾ ਚੱਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਸਰਕਾਰ ਨੇ ਹੁਣ ਇਸ ਦੀ ਜਾਂਚ ਵਿੱਢੀ ਹੈ। ਮੁਹਿੰਮ ਦੇ ਪਹਿਲੇ ਪੜਾਅ ਵਿੱਚ 21 ਆਇਲਸ ਕੇਂਦਰਾਂ (ਆਈਲੈਟਸ ਸੈਂਟਰ) ਵੱਲੋਂ ਕਰੀਬ ਚਾਰ ਕਰੋੜ ਦੀ ਟੈਕਸ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪਤਾ ਲੱਗਾ ਹੈ ਕਿ ਬਹੁਤੇ ਆਇਲਸ ਕੇਂਦਰ ਨਕਦ ਵਿਚ ਫ਼ੀਸ ਵਸੂਲ ਕਰਦੇ ਹਨ ਤਾਂ ਜੋ ਟੈਕਸਾਂ ਤੋਂ ਬਚਿਆ ਜਾ ਸਕੇ। ਵੇਰਵਿਆਂ ਅਨੁਸਾਰ ਪੰਜਾਬ ਵਿਚ ਕਰੀਬ ਇੱਕ ਹਜ਼ਾਰ ਆਇਲਸ ਸਿਖਲਾਈ ਕੇਂਦਰ ਹਨ ਜਿਨ੍ਹਾਂ ਦਾ ਜੀਐੱਸਟੀ ਵਿੱਚ ਕਰੀਬ ਇੱਕ ਹਜ਼ਾਰ ਕਰੋੜ ਦਾ ਯੋਗਦਾਨ ਹੈ। ਪੰਜਾਬ ਦੇ ਕਰ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਵਿਭਾਗ ਨੇ ਡੇਟਾ ਵਿਸ਼ਲੇਸ਼ਣ ਕੀਤਾ ਸੀ ਅਤੇ ਇਸੇ ਆਧਾਰ ’ਤੇ ਆਇਲਸ ਕੇਂਦਰਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਹੁਣ ਤੱਕ ਮੁਹਾਲੀ, ਲੁਧਿਆਣਾ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਬਰਨਾਲਾ, ਰਾਜਪੁਰਾ, ਮੋਗਾ ਅਤੇ ਮਾਲੇਰਕੋਟਲਾ ਦੇ ਟੈਕਸ ਚੋਰੀ ਕਰਨ ਵਾਲੇ 21 ਆਇਲਸ ਕੇਂਦਰ ਸ਼ਨਾਖ਼ਤ ਕੀਤੇ ਹਨ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਇੱਕ ਕੇਂਦਰ ਵੱਲੋਂ ਘੱਟੋ ਘੱਟ ਤਿੰਨ ਲੱਖ ਰੁਪਏ ਦੇ ਟੈਕਸ ਦੀ ਚੋਰੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਇਸ ਸਾਲ 23 ਹਜ਼ਾਰ ਕਰੋੜ ਦੀ ਜੀਐੱਸਟੀ ਵਸੂਲੀ ਦਾ ਟੀਚਾ ਰੱਖਿਆ ਹੋਇਆ ਹੈ। ਸਰਕਾਰ ਵਸੂਲੀ ਵਧਾਉਣ ਲਈ ਟੈਕਸ ਚੋਰੀ ਦੇ ਰਸਤੇ ਬੰਦ ਕਰਨ ਦੇ ਰਾਹ ਪਈ ਹੋਈ ਹੈ।

Advertisement

ਪੰਜਾਬ ਦੇ ਹੋਰ ਸ਼ਹਿਰ ਵਿੱਚ ਬਰਾਂਚ ਨਹੀਂ ਖੋਲ੍ਹ ਸਕਣਗੇ ਆਇਲਸ ਕੇਂਦਰ

ਐੱਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਚ ਵੱਡੀ ਗਿਣਤੀ ਵਿਚ ਆਈਲਸ ਕੇਂਦਰ ਅਤੇ ਇਮੀਗਰੇੇਸ਼ਨ ਕੇਂਦਰ ਗੈਰਕਾਨੂੰਨੀ ਤੌਰ ’ਤੇ ਚੱਲ ਰਹੇ ਸਨ ਜਿਨ੍ਹਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਅਤੇ ਅਜਿਹੇ ਕੇਂਦਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਹੁਤੇ ਆਇਲਸ ਕੇਂਦਰਾਂ ਵਾਲੇ ਇੱਕ ਸ਼ਹਿਰ ਵਿਚ ਲਾਇਸੈਂਸ ਲੈਣ ਮਗਰੋਂ ਦੂਸਰੇ ਸ਼ਹਿਰਾਂ ਵਿਚ ਬਰਾਂਚ ਖੋਲ੍ਹ ਲੈਂਦੇ ਸਨ ਪਰ ਹੁਣ ਉਨ੍ਹਾਂ ਨੂੰ ਹਰ ਸ਼ਹਿਰ ਵਾਸਤੇ ਵੱਖਰਾ ਲਾਇਸੈਂਸ ਲੈਣਾ ਹੋਵੇਗਾ।

Advertisement

ਕਾਰੋਬਾਰ ਵਧਿਆ, ਟੈਕਸ ਨਹੀਂ: ਚੀਮਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਸੂਤਰਾਂ ਜ਼ਰੀਏ ਸੂਚਨਾ ਮਿਲੀ ਸੀ ਕਿ ਆਇਲਸ ਕੇਂਦਰਾਂ ਵਿਚ ਟੈਕਸ ਚੋਰੀ ਹੋ ਰਹੀ ਹੈ। ਉਨ੍ਹਾਂ ਦੇਖਿਆ ਕਿ ਭਾਵੇਂ ਸੂਬੇ ਵਿਚ ਇਨ੍ਹਾਂ ਕੇਂਦਰਾਂ ਦਾ ਕਾਰੋਬਾਰ ਤਾਂ ਵਧ ਰਿਹਾ ਸੀ ਪਰ ਉਸ ਦੇ ਮੁਕਾਬਲੇ ਟੈਕਸ ਵਸੂਲੀ ਵਿਚ ਕੋਈ ਵਾਧਾ ਨਹੀਂ ਹੋ ਰਿਹਾ ਸੀ। ਇਨ੍ਹਾਂ ਸਿਖਲਾਈ ਕੇਂਦਰਾਂ ’ਤੇ 18 ਫ਼ੀਸਦੀ ਜੀਐੱਸਟੀ ਲੱਗਿਆ ਹੋਇਆ ਹੈ।

Advertisement
Author Image

sukhwinder singh

View all posts

Advertisement