ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਪਲਟਿਆ ਤੇਲ ਦਾ ਟੈਂਕਰ
ਗਗਨਦੀਪ ਅਰੋੜਾ
ਲੁਧਿਆਣਾ, 23 ਜੂਨ
ਦਿੱਲੀ ਕੌਮੀ ਸ਼ਾਹ ਰਾਹ ‘ਤੇ ਹੀਰੋ ਸਾਈਕਲ ਕੰਪਨੀ ਦੇ ਨਜ਼ਦੀਕ ਗਲਤ ਪਾਸਿਓਂ ਆਉਂਦੇ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਇੱਕ ਤੇਜ਼ ਰਫ਼ਤਾਰ ਕਾਲੇ ਤੇਲ ਦਾ ਭਰਿਆ ਟੈਂਕਰ ਉਥੇ ਖੜ੍ਹੇ ਟਰੱਕ ਨਾਲ ਟਕਰਾ ਗਿਆ। ਇਸ ਕਾਰਨ ਉਹ ਸੜਕ ਦੇ ਵਿਚਕਾਰ ਪਲਟ ਗਿਆ। ਟਰੱਕ ਦੇ ਪਲਟਣ ਨਾਲ ਇੱਕ ਵਾਰ ਤਾਂ ਪੂਰੀ ਸੜਕ ‘ਤੇ ਤੇਲ ਹੀ ਤੇਲ ਹੋ ਗਿਆ। ਇਸ ਨਾਲ ਵਾਹਨ ਉੱਥੇ ਸਲਿੱਪ ਕਰ ਗਏ। ਹਾਲਾਂਕਿ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਮੌਕੇ ‘ਤੇ ਪੁੱਜ ਗਈ। ਪੁਲੀਸ ਨੇ ਤੇਲ ਸੜਕ ‘ਤੇ ਡੁੱਲਿਆ ਹੋਣ ਕਾਰਨ ਟਰੈਫਿਕ ਨੂੰ ਰੋਕ ਦਿੱਤਾ। ਇਸ ਕਾਰਨ ਕਾਫ਼ੀ ਲੰਮਾ ਜਾਮ ਲੱਗ ਗਿਆ। ਪੁਲੀਸ ਨੇ ਤੇਲ ਸਾਫ਼ ਕਰਵਾਇਆ ਗਿਆ ਤੇ ਟਰੈਫਿਕ ਨੂੰ ਸੁਚਾਰੂ ਤਰੀਕੇ ਨਾਲ ਚਾਲੂ ਕਰਵਾਇਆ ਗਿਆ। ਇਸ ਹਾਦਸੇ ‘ਚ ਟੈਂਕਰ ਚਾਲਕ ਗੁਰਵਿੰਦਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਟੈਂਕਰ ‘ਚ ਕਾਲਾ ਤੇਲ ਸੀ ਤੇ ਪਾਣੀਪਤ ਤੋਂ ਆ ਰਿਹਾ ਸੀ। ਉਸ ਨੇ ਲੁਧਿਆਣਾ ਕਿਸੇ ਫੈਕਟਰੀ ‘ਚ ਤੇਲ ਖਾਲੀ ਕਰਨਾ ਸੀ। ਦਿੱਲੀ ਕੌਮੀ ਸ਼ਾਹ ਮਾਰਗ ‘ਤੇ ਉਹ ਗਲਤ ਪਾਸੇ ਆ ਰਿਹਾ ਸੀ ਤਾਂ ਉਸ ਦੇ ਅੱੱਗੇ ਇੱਕਦਮ ਮੋਟਰਸਾਈਕਲ ਸਵਾਰ ਆ ਗਿਆ ਤੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ‘ਚ ਟੈਂਕਰ ਸਿੱਧਾ ਖੜ੍ਹੇ ਟਰੱਕ ‘ਚ ਜਾ ਵੱਜਿਆ ਤੇ ਪਲਟ ਗਿਆ। ਇਸ ਕਾਰਨ ਮੋਟਰਸਾਈਕਲ ਸਵਾਰ ਤਾਂ ਬਚ ਗਿਆ, ਪਰ ਸੜਕ ‘ਤੇ ਤੇਲ ਡੁੱਲ ਗਿਆ। ਉਥੇ ਜਿੰਨੇ ਵੀ ਦੋਪਹੀਆ ਵਾਹਨ ਨਿਕਲੇ, ਉਹ ਤੇਲ ਦੇਖ ਹੌਲੀ ਤਾਂ ਹੋ ਗਏ, ਪਰ ਸਿੱਧਾ ਥੱਲੇ ਡਿੱਗੇ ਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਹਾਦਸੇ ‘ਚ ਟੈਂਕਰ ਚਾਲਕ ਵੀ ਜ਼ਖਮੀ ਹੋ ਗਿਆ ਹੈ। ਥਾਣਾ ਡਿਵੀਜ਼ਨ ਨੰਬਰ-6 ਦੀ ਐੱਸਐੱਚਓ ਇੰਸਪੈਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਟਰੱਕ ਨੂੰ ਉਥੋ ਹਟਵਾ ਦਿੱਤਾ ਸੀ ਤੇ ਸੜਕ ਸਾਫ਼ ਕਰਵਾ ਦਿੱਤੀ ਗਈ ਸੀ ਤਾਂ ਕਿ ਕੋਈ ਹਾਦਸਾ ਨਾ ਹੋਵੇ। ਬਾਕੀ ਕੋਈ ਸ਼ਿਕਾਇਤ ਨਹੀਂ ਆਈ ਹੈ, ਸ਼ਿਕਾਇਤ ਆਉਣ ਤੋਂ ਬਾਅਦ ਹੀ ਜਾਂਚ ਕੀਤੀ ਜਾਵੇਗੀ।