ਪੁਲੀਸ ਦਾ ਆਸਰਾ ਲੈ ਕੇ ਦਫ਼ਤਰ ਪੁੱਜੇ ਅਧਿਕਾਰੀ
ਸ਼ੰਗਾਰਾ ਸਿੰਘ ਅਕਲੀਆ
ਜੋਗਾ, 28 ਜੂਨ
ਨਗਰ ਪੰਚਾਇਤ ਜੋਗਾ ਵੱਲੋਂ ਸ਼ਹਿਰ ਵਿੱਚ ਵਿਕਾਸ ਕਾਰਜ ਨਾ ਹੋਣ ਅਤੇ ਅਧਿਕਾਰੀਆਂ ਦੀ ਕਥਿਤ ਗੈਰਹਾਜ਼ਰੀ ਖ਼ਿਲਾਫ਼ ਕਾਰਜਸਾਧਕ ਦਫ਼ਤਰ ਨੂੰ ਜਿੰਦਰਾ ਲਾ ਕੇ ਚੱਲ ਰਹੇ ਧਰਨੇ ਦਰਮਿਆਨ ਅੱਜ ਨਗਰ ਪੰਚਾਇਤ ਦੇ ਈਓ ਆਸ਼ੀਸ਼ ਕੁਮਾਰ ਤੇ ਜੂਨੀਅਰ ਇੰਜਨੀਅਰ ਜਤਿੰਦਰ ਸਿੰਘ, ਥਾਣਾ ਜੋਗਾ ਦੀ ਪੁਲੀਸ ਦਾ ਆਸਰਾ ਲੈ ਕੇ ਦਫ਼ਤਰ ਪੁੱਜੇ। ਇਸ ਦੌਰਾਨ ਨਗਰ ਪੰਚਾਇਤ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਜੋਗਾ ਅਤੇ ਈਓ ਆਸ਼ੀਸ਼ ਕੁਮਾਰ ਵਿਚਕਾਰ ਤਿੱਖੀ ਬਹਿਸ ਹੋਈ।
ਪ੍ਰਧਾਨ ਗੁਰਮੀਤ ਸਿੰਘ ਜੋਗਾ ਨੇ ਕਿਹਾ ਈਓ ਆਸ਼ੀਸ਼ ਕੁਮਾਰ ਤਨਖਾਹ ਜੋਗਾ ਦਫਤਰ ‘ਚੋਂ ਲੈਂਦੇ ਹਨ ਅਤੇ ਡਿਊਟੀ ਭੀਖੀ ਤੇ ਭਵਾਨੀਗੜ੍ਹ ਕਰਦੇ ਹਨ। ਅਧਿਕਾਰੀ ਆਸ਼ੀਸ਼ ਕੁਮਾਰ ਕਹਿਣਾ ਸੀ ਕਿ ਉਹ ਜਦੋਂ ਨਗਰ ਪੰਚਾਇਤ ਦਫਤਰ ਆਉਂਦੇ ਹਨ ਤਾਂ ਨਗਰ ਪੰਚਾਇਤ ‘ਚ ਉਨ੍ਹਾਂ ਨੂੰ ਪ੍ਰਧਾਨ ਜਾਂ ਕੋਈ ਹੋਰ ਨਹੀਂ ਮਿਲਦਾ। ਜਾਣਕਾਰੀ ਅਨੁਸਾਰ ਥਾਣਾ ਮੁਖੀ ਬਲਦੇਵ ਸਿੰਘ ਦੋਵੇਂ ਧਿਰਾਂ ਨੂੰ ਸ਼ਾਂਤ ਕਰਦੇ ਨਜ਼ਰ ਆਏ, ਪਰ ਮਾਮਲਾ ਭਖਦਾ ਗਿਆ। ਪ੍ਰਧਾਨ ਗੁਰਮੀਤ ਜੋਗਾ ਅਤੇ ਮੀਤ ਪ੍ਰਧਾਨ ਰਾਜਵੰਤ ਕੌਰ ਨੇ ਕਿਹਾ ਸ਼ਹਿਰ ਦੇ ਟੋਭੇ ਨੂੰ ਪੱਕਾ ਕਰਨ ਅਤੇ ਪਾਣੀ ਨਿਕਾਸੀ ਦਾ ਕੰਮ ਮੁੱਖ ਹੈ, ਜਿਸ ਦਾ ਪਾਣੀ ਸਰਕਾਰੀ ਸਕੂਲ ਅਤੇ ਗੁਰਦੁਆਰੇ ਲਾਗੇ ਭਰ ਗਿਆ ਹੈ। ਪਾਣੀ ਭਰਨ ਕਾਰਨ ਆਮ ਲੋਕਾਂ ਨੂੰ ਵੱਡੀ ਮੁਸ਼ਕਿਲ ਆ ਰਹੀ ਹੈ। ਈਓ ਦਾ ਕਹਿਣਾ ਸੀ ਕਿ ਮਹਿਕਮੇ ਦੇ ਕਾਨੂੰਨ ਅਨੁਸਾਰ ਨਗਰ ਪੰਚਾਇਤ ਦਫਤਰ ਵੱਲੋਂ ਜੂਨੀਅਰ ਇੰਜਨੀਅਰ ਜਤਿੰਦਰ ਸਿੰਘ ਤੇ ਦਿ ਫਰੈਂਡਜ਼ ਕੋਆਪਰੇਟਿਵ ਸੁਸਾਇਟੀ ਤੋਂ ਜਵਾਬ ਤਲਬ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਵਿੱਚ ਅੜਿੱਕਾ ਨਹੀਂ ਪੈਣ ਦਿੱਤਾ ਜਾਵੇਗਾ।