ਅਧਿਕਾਰੀਆਂ ਵੱਲੋਂ ਆਈਲੈੱਟਸ ਸੈਂਟਰਾਂ ’ਤੇ ਛਾਪੇ
ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 6 ਜੁਲਾਈ
ਇੱਥੇ ਸ਼ਹਿਰ ਅੰਦਰ ਚੱਲਦੇ ਆਈਲੈੱਟਸ ਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਗਈ। ਇਸ ਦੌਰਾਨ ਅਧੂਰੇ ਕਾਗਜ਼ਾਤ ਵਾਲੇ ਸੈਂਟਰ ਮਾਲਕ ਸੈਂਟਰਾਂ ਨੂੰ ਜਿੰਦਰੇ ਮਾਰ ਕੇ ਦੌੜ ਗਏ। ਐੱਸਡੀਐੱਮ ਦੀ ਅਗਵਾਈ ਹੇਠ ਤਹਿਸੀਲਦਾਰ ਗੁਰਮੁੱਖ ਸਿੰਘ, ਡੀਐੱਸਪੀ ਮਨਜੀਤ ਸਿੰਘ ਢੇਸੀ ਤੇ ਕਾਰਜਸਾਧਕ ਅਫ਼ਸਰ ਦਵਿੰਦਰ ਸਿੰਘ ਤੂਰ ਅਧਾਰਿਤ ਟੀਮ ਵੱਲੋਂ ਆਈਲੈੱਟਸ ਸੈਂਟਰਾਂ ’ਤੇ ਛਾਪੇ ਮਾਰਦਿਆਂ ਕਾਗਜ਼-ਪੱਤਰਾਂ ਦੀ ਪੜਤਾਲ ਕੀਤੀ ਗਈ। ਅਧਿਕਾਰੀਆਂ ਵੱਲੋਂ ਸੈਂਟਰਾਂ ਦੇ ਪ੍ਰਬੰਧਕਾਂ ਤੋਂ ਮਾਨਤਾ ਸਬੰਧੀ ਪੁੱਛਗਿੱਛ ਕੀਤੀ ਗਈ। ਕੁਝ ਕੁ ਸੈਂਟਰਾਂ ਨੂੰ ਛੱਡ ਕੇ ਬਹੁਗਿਣਤੀ ਸੈਂਟਰਾਂ ਦੇ ਮਾਲਕਾਂ ਵੱਲੋਂ ਤਸੱਲੀਬਖਸ਼ ਜਵਾਬ ਨਾ ਮਿਲਣ ’ਤੇ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਛੁੱਟੀ ਕਰਵਾ ਕੇ ਤੁਰੰਤ ਸੈਂਟਰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ। ਇਸ ਮੌਕੇ ਤਹਿਸੀਲਦਾਰ ਗੁਰਮੁੱਖ ਸਿੰਘ ਤੇ ਡੀਐੱਸਪੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸੂਬੇ ਅੰਦਰ ਵੱਡੀ ਗਿਣਤੀ ਵਿੱਚ ਆਈਲੈੱਟਸ ਤੇ ਇਮੀਗ੍ਰੇਸ਼ਨ ਸੈਂਟਰ ਖੁੱਲ੍ਹੇ ਹੋਏ ਹਨ, ਪਰ ਉਨ੍ਹਾਂ ਲਈ ਮਾਨਤਾ ਤੇ ਕਾਨੂੰਨੀ ਕਾਗਜ਼ੀ ਕਾਰਵਾਈ ਜ਼ਰੂਰੀ ਹੈ।