ਅਧਿਕਾਰੀਆਂ ਨੂੰ ਸਟੇਸ਼ਨ ਛੱਡਣ ਦੀ ਮਨਾਹੀ
ਪੱਤਰ ਪ੍ਰੇਰਕ
ਰੂਪਨਗਰ, 11 ਅਗਸਤ
ਇੱਥੇ ਅੱਜ ਸਵੇਰੇ ਤੋਂ ਪੈ ਰਹੇ ਭਾਰੀ ਮੀਂਹ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਸਣੇ ਪਿਛਲੇ ਹੜ੍ਹਾਂ ਦੌਰਾਨ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ। ਉਨ੍ਹਾਂ ਸਿਸਵਾਂ ਤੇ ਬੁਧਕੀ ਨਦੀਆਂ ਦੇ ਕਿਨਾਰਿਆਂ, ਕੋਟਲਾ ਨਿਹੰਗ, ਬਸੰਤ ਨਗਰ, ਬੰਦੇ ਮਾਹਲਾ, ਸ੍ਰੀ ਚਮਕੌਰ ਸਾਹਿਬ ਰੋਡ ਅਤੇ ਆਈਆਈਟੀ ਰੂਪਨਗਰ ਨੇੜੇ ਪੈਂਦੀਆਂ ਨਦੀਆਂ ਅਤੇ ਬਰਸਾਤੀ ਚੋਇਆਂ ਦਾ ਦੌਰਾ ਕੀਤਾ। ਇਸ ਉਪਰੰਤ ਉਨ੍ਹਾਂ ਜ਼ਿਲ੍ਹੇ ਦੇ ਸਮੂਹ ਸੀਨੀਅਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੌਨਸੂਨ ਦੇ ਸੀਜ਼ਨ ਦੌਰਾਨ ਆਪਣਾ ਸਟੇਸ਼ਨ ਨਾ ਛੱਡਣ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਭਾਰੀ ਵਰਖਾ ਦੌਰਾਨ ਨਦੀ, ਨਹਿਰ ਜਾਂ ਦਰਿਆ ਨੇੜੇ ਜਾਣ ਅਤੇ ਕਿਸੇ ਵੀ ਤਰ੍ਹਾਂ ਦੀ ਫੋਟੋ ਖਿੱਚਣ, ਵੀਡੀਓ ਬਣਾਉਣ ਤੇ ਇਕੱਠ ਕਰਨ ਤੋਂ ਪਰਹੇਜ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਆਮ ਪਬਲਿਕ ਵੱਲੋਂ ਹੜ੍ਹਾਂ ਸਬੰਧੀ ਸ਼ਿਕਾਇਤਾਂ ਜਾਂ ਹੜ੍ਹਾਂ ਨਾਲ ਸਬੰਧਤ ਜਾਣਕਾਰੀ ਲਈ ਕੰਟਰੋਲ ਰੂਮ ਦੇ ਨੰਬਰਾਂ 01881-292711 ਅਤੇ 01881-221157 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਜਲ ਸਰੋਤ ਵਿਭਾਗ ਰੂਪਨਗਰ ਦੇ ਐਕਸੀਅਨ ਹਰਸ਼ਾਂਤ ਵਰਮਾ ਵੀ ਹਾਜ਼ਰ ਸਨ।
13 ਸਕੂਲਾਂ ਵਿੱਚ ਛੁੱਟੀ ਦਾ ਐਲਾਨ
ਡਿਪਟੀ ਕਮਿਸ਼ਨਰ ਰੂਪਨਗਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਵੱਲੋਂ ਜ਼ਿਲ੍ਹੇ ਦੇ ਕੁੱਝ ਸਕੂਲਾਂ ਵਿੱਚ ਮੀਂਹ ਦਾ ਪਾਣੀ ਭਰਨ ਦੀ ਭੇਜੀ ਰਿਪੋਰਟ ਦੇ ਆਧਾਰ ਜ਼ਿਲ੍ਹੇ ਦੇ 13 ਸਕੂਲਾਂ ਵਿੱਚ 12 ਅਗਸਤ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਡੀਸੀ ਵੱਲੋਂ ਜਾਰੀ ਹੁਕਮਾਂ ਅਨੁਸਾਰ 12 ਅਗਸਤ ਨੂੰ ਭਲੜੀ, ਨਾਨਗਰਾਂ, ਖਾਬੜਾ, ਖੇੜਾ ਕਲਮੋਟ, ਭੈਣੀ, ਅਮਰਪੁਰ ਬੇਲਾ, ਬ੍ਰਹਮਪੁਰ ਲੋਅਰ, ਮਹਿਲਵਾਂ ਆਦਿ ਪ੍ਰਾਇਮਰੀ ਸਕੂਲਾਂ ਤੋਂ ਇਲਾਵਾ ਖਾਨਪੁਰ ਤੇ ਮਹਿਲਵਾਂ ਦੇ ਮਿਡਲ ਸਕੂਲ, ਦਸਗਰਾਈਂ ਤੇ ਕੁਲਗਰਾਂ ਦੇ ਸਰਕਾਰੀ ਹਾਈ ਸਕੂਲ ਤੇ ਸੁਖਸਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।