ਹਰਿਆਣਾ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਮੀਟਿੰਗ ਵਿੱਚ ਖਹਬਿੜੇ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 16 ਅਗਸਤ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਬੀਤੇ ਦਿਨੀਂ ਗੁਰਦੁਆਰਾ ਪੰਜੋਖਰਾ ਸਾਹਿਬ ਵਿੱਚ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਗਾਲੀ-ਗਲੋਚ ਹੋਣ ਸਬੰਧੀ ਵਾਇਰਲ ਵੀਡੀਓ ਚਰਚਾ ਦਾ ਵਿਸ਼ਾ ਬਣ ਗਈ ਹੈ। ਵੀਡੀਓ ਵਿੱਚ ਇਸ ਸਰਕਾਰੀ ਕਮੇਟੀ ਦਾ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਮਹਿਲਾ ਮੈਂਬਰ ਬੀਬੀ ਰਵਿੰਦਰ ਕੌਰ ਅਜਰਾਣਾ ਦੀ ਮੌਜੂਦਗੀ ਵਿੱਚ ਮੀਤ ਸਕੱਤਰ ਮੋਹਨਜੀਤ ਸਿੰਘ ਪਾਣੀਪਤ ਨੂੰ ਅਪਸ਼ਬਦ ਬੋਲਦਾ ਸੁਣਿਆ ਜਾ ਸਕਦਾ ਹੈ। ਉਸ ਦੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਲੰਮੀ ਬਾਂਹ ਕਰ ਕੇ ਮਨਮੋਹਨ ਸਿੰਘ ਨੂੰ ਬਾਹਰ ਨਿਕਲਣ ਲਈ ਆਖ ਰਹੇ ਹਨ। ਇਸ ਦੌਰਾਨ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਬੇਵੱਸ ਨਜ਼ਰ ਆਏ।
ਸੂਤਰਾਂ ਅਨੁਸਾਰ ਝਗੜਾ ਚਿਮਟੇ ਨਾਲ ਕੀਰਤਨ ਕਰਨ ਵਾਲਿਆਂ ਦੀ ਨਿਯੁਕਤੀ ਨੂੰ ਲੈ ਕੇ ਹੋਇਆ। ਸੂਤਰ ਦੱਸਦੇ ਹਨ ਕਿ ਸੰਤ ਦਾਦੂਵਾਲ ਨੇ ਇਸ ਗੱਲ ’ਤੇ ਇਤਰਾਜ਼ ਕੀਤਾ ਕਿ ਮੋਹਨਜੀਤ ਸਿੰਘ ਨੇ ਚਿਮਟੇ ਨਾਲ ਕੀਰਤਨ ਕਰਨ ਵਾਲੇ ਗੁਰਦੁਆਰਾ ਕਮੇਟੀ ਵਿਚ ਰੱਖੇ ਹਨ। ਇਸ ’ਤੇ ਮੋਹਨਜੀਤ ਸਿੰਘ ਨੇ ਕਿਹਾ ਕਿ ਤੁਸੀਂ ਖੁਦ ਵੀ ਚਿਮਟੇ ਨਾਲ ਕੀਰਤਨ ਕਰਨ ਵਾਲੇ ਹੋ।
ਇਸ ਦੇ ਜਵਾਬ ਵਿਚ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਉਹ ਆਪਣੇ ਘਰ ਜੋ ਮਰਜ਼ੀ ਕਰਨ ਤੇ ਉਹ ਗੁਰਦੁਆਰਾ ਕਮੇਟੀ ਦੇ ਕਰਮਚਾਰੀ ਨਹੀਂ। ਸੂਤਰ ਦੱਸਦੇ ਹਨ ਕਿ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੂੰ ਇਕ ਵਾਰ ਅਹੁਦੇ ਤੋਂ ਹਟਾਏ ਜਾਣ ਅਤੇ ਫਿਰ ਲਾਏ ਜਾਣ ’ਤੇ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਕੋਈ ਰਿਕਾਰਡ ਜਾਂ ਰਿਪੋਰਟ ਜਾਂ ਕਾਗਜ਼ ਤੱਕ ਨਾ ਦੇਣ ਅਤੇ ਉਸ ਉੱਤੇ ਲੱਗੇ ਬੇਅਦਬੀ ਦੇ ਦੋਸ਼ ਤੋਂ ਜਾਂਚ ਕਮੇਟੀ ਵੱਲੋਂ ਦੋਸ਼-ਮੁਕਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਮੰਗ ਕੀਤੀ ਕਿ ਝੂਠਾ ਦੋਸ਼ ਲਾਉਣ ਵਾਲੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਨ੍ਹਾਂ ਗੱਲਾਂ ਨੂੰ ਲੈ ਕੇ ਮੋਹਨਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਧਮੀਜਾ ਵਿਚਕਾਰ ਬਹਿਸ ਹੋ ਗਈ ਅਤੇ ਗੱਲ ਗਾਲੀ-ਗਲੋਚ ਤੱਕ ਪਹੁੰਚ ਗਈ।
ਇਸ ਘਟਨਾ ਨਾਲ ਸਿੱਖਾਂ ਵਿਚ ਕਾਫੀ ਗੁੱਸਾ ਹੈ ਅਤੇ ਉਹ ਇਨ੍ਹਾਂ ਸਰਕਾਰੀ ਮੈਂਬਰਾਂ ਦੀ ਨਿਖੇਧੀ ਕਰ ਰਹੇ ਹਨ। ਇਸ ਮਾਮਲੇ ਸਬੰਧੀ ਸੰਪਰਕ ਕਰਨ ’ਤੇ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਮੀਟਿੰਗ ਦੌਰਾਨ ਮੋਹਨਜੀਤ ਸਿੰਘ ਨੇ ਅਪਸ਼ਬਦ ਬੋਲੇ ਸਨ ਜਿਸ ਤੋਂ ਧਮੀਜਾ ਸਾਹਿਬ ਨੂੰ ਗੁੱਸਾ ਆਇਆ। ਵੀਡੀਓ ਵਾਇਰਲ ਹੋਣ ਬਾਰੇ ਪੁੱਛਣ ਤੇ ਦਾਦੂਵਾਲ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਗਾਲ੍ਹ ਨਹੀਂ ਕੱਢੀ। ਵੀਡੀਓ ਅਪਲੋਡ ਕਰਨ ਵਾਲੇ ਬਾਰੇ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਸਪੈਸ਼ਲ ਇਨਵਾਈਟੀ ਵਜੋਂ ਮੀਟਿੰਗ ਵਿਚ ਸ਼ਾਮਲ ਹੋਏ ਸਨ।