ਨਗਰ ਕੌਂਸਲ ਦਫ਼ਤਰ ਵਿੱਚੋਂ ਅਧਿਕਾਰੀ ਲਾਪਤਾ, ਲੋਕ ਪ੍ਰੇਸ਼ਾਨ
ਜੋਗਿੰਦਰ ਸਿੰਘ ਓਬਰਾਏ
ਖੰਨਾ, 24 ਅਕਤੂਬਰ
ਡੀਸੀ ਲੁਧਿਆਣਾ ਜਤਿੰਦਰ ਜੋਰਵਾਲ ਵੱਲੋਂ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਦਫ਼ਤਰ ਵਿੱਚ ਹਾਜ਼ਰ ਰਹਿਣ ਦੇ ਹੁਕਮ ਦੀਆਂ ਜ਼ਿਆਦਾਤਰ ਅਫ਼ਸਰਾਂ ਤੇ ਮੁਲਾਜ਼ਮਾਂ ਵੱਲੋਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਧਿਕਾਰੀ ਸਮੇਂ ਸਿਰ ਆਪਣੇ ਦਫ਼ਤਰਾਂ ’ਚ ਨਹੀਂ ਪਹੁੰਚਦੇ, ਦੂਜੇ ਪਾਸੇ ਉਨ੍ਹਾਂ ਦੀ ਉਡੀਕ ਵਿੱਚ ਦੋ-ਤਿੰਨ ਘੰਟੇ ਪਹਿਲਾਂ ਹੀ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੇ ਕਮਰਿਆਂ ਦੇ ਏਸੀ ਚਲਾ ਦਿੱਤੇ ਜਾਂਦੇ ਹਨ। ਬਿਨਾਂ ਅਧਿਕਾਰੀਆਂ ਤੋਂ ਖਾਲੀ ਕਮਰਿਆਂ ਵਿੱਚ ਕਈ ਕਈ ਘੰਟੇ ਏਸੀ ਚੱਲਦੇ ਰਹਿੰਦੇ ਹਨ, ਪਰ ਪ੍ਰਸ਼ਾਸਨ ਇਸ ਪਾਸੇ ਅਵੇਸਲਾਪਣ ਦਿਖਾ ਰਿਹਾ ਹੈ। ਕਈ ਅਧਿਕਾਰੀ ਤਾਂ ਇੱਕ ਵਾਰ ਦਫ਼ਤਰ ਵਿੱਚ ਸ਼ਕਲ ਦਿਖਾਉਣ ਮਗਰੋਂ ਮੁੜ ਮੋੜਾ ਹੀ ਨਹੀਂ ਪਾਉਂਦੇ ਤੇ ਬਾਹਰੋਂ ਬਾਹਰ ਹੀ ਘਰ ਚਲੇ ਜਾਂਦੇ ਹਨ। ਉਨ੍ਹਾਂ ਦੇ ਹਿੱਸੇ ਆਇਆ ਕੰਮ ਕਈ ਕਈ ਦਿਨ ਉਨ੍ਹਾਂ ਦੀਆਂ ਮੇਜ਼ਾਂ ’ਤੇ ਪਿਆ ਉਨ੍ਹਾਂ ਦੀ ਉਡੀਕ ਕਰਦਾ ਰਹਿੰਦਾ ਹੈ। ਇਸ ਤੋਂ ਬਿਨਾਂ ਆਪਣਾ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਕਈ ਕਈ ਚੱਕਰ ਲਾਉਣ ਮਰਗੋਂ ਵੀ ਬੈਰੰਗ ਹੀ ਵਾਪਸ ਮੁੜਨਾ ਪੈਂਦਾ ਹੈ। ਦੱਸਣਯੋਗ ਹੈ ਕਿ ਸਥਾਨਕ ਨਗਰ ਕੌਂਸਲ ਵਿਚ ਆਪਣੇ ਕੰਮ ਲਈ ਆਉਣ ਵਾਲੇ ਲੋਕ ਹਰ ਰੋਜ਼ ਇਹ ਸ਼ਿਕਾਇਤ ਕਰਦੇ ਹਨ ਕਿ ਅਧਿਕਾਰੀ ਤੇ ਕਰਮਚਾਰੀ ਸਮੇਂ ਸਿਰ ਦਫ਼ਤਰ ਨਹੀਂ ਪਹੁੰਚਦੇ ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡੀਸੀ ਵੱਲੋਂ ਜਾਰੀ ਹੁਕਮ ਮਗਰੋਂ ਵੀ ਜਦੋਂ ਸਵੇਰੇ ਨਗਰ ਕੌਂਸਲ ਦਫ਼ਤਰ ਜਾ ਕੇ ਦੇਖਿਆ ਗਿਆ ਤਾਂ ਲੋਕਾਂ ਵੱਲੋਂ ਡੀਸੀ ਨੂੰ ਦੱਸੀ ਹਕੀਕਤ ਸੱਚ ਸਾਬਤ ਹੋਈ। ਇਸ ਤੋਂ ਇਲਾਵਾ ਸਵੇਰੇ 9.10 ਮਿੰਟ ’ਤੇ ਕੌਂਸਲ ਦਫ਼ਤਰ ਵਿੱਚ ਈਓ ਚਰਨਜੀਤ ਸਿੰਘ ਦੇ ਕਮਰੇ ਨੂੰ ਤਾਲਾ ਲੱਗਿਆ ਮਿਲਿਆ ਅਤੇ ਏਐੱਮਈ ਮੁਕੇਸ਼ ਕੁਮਾਰ ਤੇ ਐੱਸਈ ਰਾਜੀਵ ਕੁਮਾਰ ਦਾ ਕਮਰਾ ਵੀ ਬੰਦ ਪਾਇਆ ਗਿਆ। ਇਸੇ ਤਰ੍ਹਾਂ ਹੋਰ ਸ਼ਾਖਾਵਾਂ ਦੇ ਕੁਝ ਅਧਿਕਾਰੀ ਤੇ ਕਰਮਚਾਰੀ ਵੀ ਗੈਰ ਹਾਜ਼ਰ ਸਨ ਪਰ ਏਸੀ ਚੱਲ ਰਹੇ ਸਨ।
ਮਾਮਲੇ ਦੀ ਜਾਂਚ ਕੀਤੀ ਜਾਵੇਗੀ: ਐੱਸਡੀਐੱਮ
ਐੱਸਡੀਐੱਮ ਡਾ.ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਹ ਚੈਕਿੰਗ ਕਰ ਰਹੇ ਹਨ ਅਤੇ ਗ਼ੈਰ ਹਾਜ਼ਰ ਰਹਿਣ ਵਾਲਿਆਂ ਨੂੰ ਨੋਟਿਸ ਜਾਰੀ ਕਰਕੇ ਕਾਰਵਾਈ ਕੀਤੀ ਜਾਵੇਗੀ।