ਪਰਾਲੀ ਸਾੜਨ ਤੋਂ ਰੋਕਣ ਲਈ ਖੇਤਾਂ ਵਿੱਚ ਡਟੇ ਅਧਿਕਾਰੀ
ਬੀਰਬਲ ਰਿਸ਼ੀ/ਹਰਦੀਪ ਸਿੰਘ ਸੋਢੀ
ਧੂਰੀ, 4 ਨਵੰਬਰ
ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਤਹਿਸੀਲਦਾਰ ਧੂਰੀ ਮਨਮੋਹਨ ਕੌਸ਼ਿਕ ਆਪਣੀ ਟੀਮ ਸਮੇਤ ਪਿੰਡ-ਪਿੰਡ ਖੇਤਾਂ ਵਿੱਚ ਜਾ ਕੇ ਜਿੱਥੇ ਕਿਸਾਨਾਂ ਨਾਲ ਰਾਬਤੇ ਕਾਇਮ ਕਰਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ, ਉੱਥੇ ਪਿੰਡ ਮੀਰਹੇੜੀ ਦੇ ਖੇਤਾਂ ’ਚ ਨਾੜ ਨੂੰ ਲਾਈ ਅੱਗ ਵੀ ਬੁਝਵਾਈ। ਪ੍ਰਾਪਤ ਜਾਣਕਾਰੀ ਅਨੁਸਾਰ ਉਪ ਮੰਡਲ ਮੈਜਿਸਟਰੇਟ ਵਿਕਾਸ ਹੀਰਾ ਦੀ ਅਗਵਾਈ ਹੇਠ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਪਿੰਡ ਮੀਰਹੇੜੀ, ਬੁੱਗਰਾਂ, ਰਾਜੋਮਾਜਰਾ, ਧੂਰਾ, ਭਲਵਾਨ, ਪਲਾਸੋਰ ਆਦਿ ਪਿੰਡਾਂ ਵਿੱਚ ਜਾ ਕੇ ਸੱਥਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਪਰਾਲੀ ਸਾੜਨ ਨਾਲ ਪੈਦਾ ਹੁੰਦੇ ਜ਼ਹਿਰੀਲੇ ਧੂੰਏਂ ਦੇ ਨੁਕਸਾਨਾਂ ਬਾਰੇ ਜਾਣੂ ਕਰਵਾਇਆ। ਤਹਿਸੀਲਦਾਰ ਨੇ ਪਿੰਡ ਮੀਰਹੇੜੀ ਵਿੱਚ ਨਾੜ ਸਾੜਨ ਦਾ ਮਾਮਲਾ ਸਾਹਮਣੇ ਆਉਣ ’ਤੇ ਫੌਰੀ ਅੱਗ ਬੁਝਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ। ਉਨ੍ਹਾਂ ਕਿਸਾਨਾਂ ਨੂੰ ਬੇਲਰ ਰਾਹੀਂ ਪਰਾਲੀ ਦੀਆਂ ਗੱਠਾਂ ਬਣਵਾ ਕੇ ਯੋਗ ਪ੍ਰਬੰਧਨ ਲਈ ਪ੍ਰੇਰਿਆ ਅਤੇ ਇਸ ਕਾਰਜ ਨੂੰ ਪਹਿਲਾਂ ਤੋਂ ਹੀ ਸਫਲਤਾ ਨਾਲ ਨੇਪਰੇ ਚੜਾ ਰਹੇ ਕਿਸਾਨਾਂ ਦੀ ਹੌਸਲਾ-ਅਫਜ਼ਾਈ ਵੀ ਕੀਤੀ।
ਐੱਸਡੀਐੱਮ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਸਬ-ਡਿਵੀਜ਼ਨ ਲਹਿਰਾਗਾਗਾ ਦੇ ਐੱਸਡੀਐੱਮ ਸੂਬਾ ਸਿੰਘ ਨੇ ਅੱਜ ਵੀ ਕਈ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਨ ਨੂੰ ਭਾਰੀ ਨੁਕਸਾਨ ਪੁੱਜ ਰਿਹਾ ਹੈ। ਐੱਸਡੀਐੱਮ ਸੂਬਾ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਾਰ ਬਹੁਤ ਵੱਡੀ ਗਿਣਤੀ ਵਿੱਚ ਖੇਤੀ ਮਸ਼ੀਨਰੀ ਮੁਹਈਆ ਕਰਵਾਈ ਗਈ ਹੈ ਜਿਸ ਦਾ ਫਾਇਦਾ ਲੈ ਕੇ ਕਿਸਾਨ ਝੋਨੇ ਦੀ ਪਰਾਲੀ ਦਾ ਯੋਗ ਪ੍ਰਬੰਧਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਬ ਡਵੀਜ਼ਨ ਵਿੱਚ ਨੋਡਲ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਹੈ ਜਿਹੜੇ ਕਿ ਕਿਸਾਨਾਂ ਨੂੰ ਸਬਸਿਡੀ ਵਾਲੇ ਮਸ਼ੀਨਰੀ ਦੇਣ ਲਈ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਪੁਲ ਦਾ ਕੰਮ ਕਰ ਰਹੇ ਹਨ। ਐੱਸਡੀਐੱਮ ਸੂਬਾ ਸਿੰਘ ਨੇ ਪੁਲੀਸ, ਖੇਤੀਬਾੜੀ ਅਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਸਮੇਤ ਪਿੰਡ ਲਹਿਲ ਖੁਰਦ, ਲਹਿਲ ਕਲਾਂ, ਬਲਰਾਂ, ਭੂਟਾਲ ਕਲਾਂ, ਝਲੂਰ, ਕਾਲਬੰਜਾਰਾ ਆਦਿ ਦਾ ਦੌਰਾ ਕੀਤਾ ਅਤੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ।