ਨਿਕਾਸੀ ਦੇ ਆਰਜ਼ੀ ਪ੍ਰਬੰਧ ਕਰਨ ਲਈ ਸਰਗਰਮ ਹੋਏ ਅਧਿਕਾਰੀ
ਭਗਵਾਨ ਦਾਸ ਗਰਗ
ਨਥਾਣਾ, 8 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਪਾਣੀ ਦੀ ਨਿਕਾਸੀ ਲਈ ਲਾਇਆ ਗਿਆ ਪੱਕਾ ਮੋਰਚਾ ਅੱਜ 26ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਵੱਲੋਂ ਕੱਲ੍ਹ ਅਧਿਕਾਰੀਆਂ ਦੇ ਕੀਤੇ ਘਿਰਾਓ ਨੇ ਜਿਥੇ ਵਰਕਰਾਂ ਦੇ ਹੌਸਲੇ ਬੁਲੰਦ ਕੀਤੇ ਉਥੇ ਅੱਜ ਅਧਿਕਾਰੀਆਂ ਵੱਲੋਂ ਸਰਗਰਮੀਆਂ ਤੇਜ਼ ਕਰਕੇ ਇੱਕ ਵਾਰ ਛੱਪੜਾਂ ਦੇ ਪਾਣੀ ਨੂੰ ਕੱਢਣ ਦਾ ਉਪਰਾਲਾ ਕੀਤਾ ਗਿਆ। ਅਧਿਕਾਰੀਆਂ ਨੇ ਵੱਖ-ਵੱਖ ਖੇਤਰਾਂ ’ਚ ਨਿੱਜੀ ਤੌਰ ’ਤੇ ਪਹੁੰਚ ਕਰ ਕੇ ਪਾਣੀ ਦੀ ਨਿਕਾਸੀ ਖਾਤਰ ਜ਼ਮੀਨ ਠੇਕੇ ’ਤੇ ਲੈਣ ਦਾ ਯਤਨ ਕੀਤਾ ਲੇਕਿਨ ਹਾਲੇ ਤੱਕ ਭਰਵਾਂ ਹੁੰਗਾਰਾ ਨਹੀਂ ਮਿਲ ਸਕਿਆ। ਗੁਰਦੁਆਰੇ ਵਾਲੇ ਛੱਪੜ ਦਾ ਗੰਦਾ ਪਾਣੀ ਨਗਰ ਪੰਚਾਇਤ ਵੱਲੋਂ ਵਾਟਰ ਵਰਕਸ ਦੇ ਵੱਡੇ ਡਿੱਗਾਂ ’ਚ ਪਾਇਆ ਜਾ ਰਿਹੈ। ਦੱਸਣਯੋਗ ਹੈ ਕਿ ਅਜਿਹਾ ਪਾਣੀ ਪਹਿਲਾਂ ਪਾਏ ਜਾਣ ਕਾਰਨ ਦੋ ਵਾਰ ਪੀਣ ਵਾਲੇ ਪਾਣੀ ਦੇ ਸੈਪਲ ਫੇਲ੍ਹ ਹੋ ਚੁੱਕੇ ਹਨ। ਵਾਟਰ ਵਰਕਸ ਦੇ ਪੰਪ ਅਪਰੇਟਰ ਹਰਦੇਵ ਸਿੰਘ ਨੇ ਜਨ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਵਿਸਥਾਰਤ ਰਿਪੋਰਟ ਭੇਜ ਦਿੱਤੀ ਹੈ।
ਧਰਨਾਕਾਰੀਆਂ ਵੱਲੋਂ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ
ਯੂਨੀਅਨ ਆਗੂਆਂ ਰਾਮਰਤਨ ਸਿੰਘ, ਗੁਰਮੇਲ ਸਿੰਘ, ਜਸਵੰਤ ਸਿੰਘ ਗੋਰਾ, ਕਮਲਜੀਤ ਕੌਰ, ਗੁਰਮੇਲ ਕੌਰ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਨਗਰ ਪੰਚਾਇਤ ਦੇ ਅਧਿਕਾਰੀ ਪਾਣੀ ਦੀ ਨਿਕਾਸੀ ਦਾ ਆਰਜ਼ੀ ਪ੍ਰਬੰਧ ਕਰਨ ਲਈ ਵੀ ਲੰਬੇ ਸਮੇਂ ਤੋਂ ਟਾਲਮਟੋਲ ਕਰਦੇ ਆ ਰਹੇ ਹਨ ਜਿਸ ਕਾਰਨ ਧਰਨਾਕਾਰੀਆਂ ’ਚ ਰੋਹ ਵਧ ਰਿਹਾ ਹੈ। ਉਨ੍ਹਾਂ ਅੱਜ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਖਿਆ ਕਿ ਜੇ ਉਨ੍ਹਾਂ ਦੇ ਮਸਲੇ ਦਾ ਹੱਲ ਨਾ ਹੋਇਆ ਤਾਂ ਉਹ ਆਰ-ਪਾਰ ਦੀ ਲੜਾਈ ਲੜਨਗੇ।