ਸਕੂਲ ਦੇ ਕਮਰਿਆਂ ਤੋਂ ਕਬਜ਼ਾ ਛੁਡਾਉਣ ਪਹੁੰਚੇ ਅਧਿਕਾਰੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 7 ਨਵੰਬਰ
ਪਿਛਲੇ ਸੱਤ ਸਾਲ ਤੋਂ ਸਰਕਾਰੀ ਪ੍ਰਾਇਮਰੀ ਬੇਸਿਕ ਸਕੂਲ ਦੇ ਕਮਰਿਆਂ ਤੋਂ ਹੋਮਗਾਰਡ ਦਾ ਕਬਜ਼ਾ ਛੁਡਾਉਣ ਵਿੱਢੇ ਸੰਘਰਸ਼ ਤੇ ਲੰਬੀ ਜੱਦੋ-ਜਹਿਦ ਨੂੰ ਅੱਜ ਉਦੋਂ ਬੂਰ ਪਿਆ ਜਦੋਂ ਪ੍ਰਸ਼ਾਸਨ ਕਬਜ਼ਾ ਛੁਡਾਉਣ ਲਈ ਹਰਕਤ ’ਚ ਆਇਆ। ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਪੰਦਰਾਂ ਦਿਨਾਂ ਅੰਦਰ ਕਮਰੇ ਖਾਲੀ ਕਰਵਾਉਣ ਦੇ ਹੁਕਮ ਲਾਗੂ ਕਰਨ ਪ੍ਰਤੀ ਅਵੇਸਲੇ ਪ੍ਰਸ਼ਾਸਨ ਦੀ ਵੱਡੇ ਪੱਧਰ ’ਤੇ ਮੀਡੀਆ ਕਵਰੇਜ ਅਤੇ ਜਨਤਕ ਜਥੇਬੰਦੀਆਂ ਵਲੋਂ ਅਗਲੇਰੇ ਸੰਘਰਸ਼ ਤਹਿਤ ਧਰਨਾ ਦੇਣ ਦੀ ਚਿਤਾਵਨੀ ਤੋਂ ਬਾਅਦ ਅੱਜ ਅਧਿਕਾਰੀ ਕਮਰੇ ਖਾਲੀ ਕਰਵਾਉਣ ਲਈ ਪੁੱਜੇ। ਸਥਾਨਕ ਨਾਇਬ ਤਹਿਸੀਲਦਾਰ ਸੁਰਿੰਦਰ ਪੱਬੀ ਅਤੇ ਬਲਾਕ ਸਿੱਖਿਆ ਅਫ਼ਸਰ ਸੁਖਦੇਵ ਸਿੰਘ ਹਠੂਰ ਇਹ ਕਬਜ਼ਾ ਲੈਣ ਲਈ ਬੇਸਿਕ ਸਕੂਲ ਪਹੁੰਚੇ। ਓਧਰ ਹੋਮਗਾਰਡ ਦਫ਼ਤਰ ਦੇ ਇਕ ਅਫ਼ਸਰ ਹੇਮੰਤ ਕੁਮਾਰ ਵੀ ਮੌਕੇ ’ਤੇ ਪੁੱਜੇ ਹੋਏ ਸਨ। ਇਸ ਸਬੰਧੀ ਅਧਿਆਪਕ ਆਗੂ ਜੋਗਿੰਦਰ ਆਜ਼ਾਦ ਨੇ ਦੱਸਿਆ ਕਿ ਤਹਿਸੀਲਦਾਰ ਚਾਹੁੰਦੇ ਸਨ ਕਿ ਇਕ ਵੱਡਾ ਕਮਰਾ ਖਾਲੀ ਕਰਵਾ ਲਿਆ ਜਾਵੇ ਜਿੱਥੇ ਬੱਚਿਆਂ ਨੂੰ ਬਿਠਾ ਦਿੱਤਾ ਜਾਵੇ ਤੇ ਹੋਮਗਾਰਡ ਦਫ਼ਤਰ ਦਾ ਸਾਮਾਨ ਦੋ ਚਾਰ ਦਿਨ ਲਈ ਇਕ ਛੋਟੇ ਕਮਰੇ ’ਚ ਟਿਕਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਡੀਸੀ ਨੇ ਬੇਸਿਕ ਪ੍ਰਾਇਮਰੀ ਸਕੂਲ ਦੇ ਇਹ ਕਮਰੇ ਹੋਮਗਾਰਡ ਦੇ ਕਬਜ਼ੇ ’ਚੋਂ ਛੁਡਾ ਕੇ ਪੰਦਰਾਂ ਦਿਨਾਂ ਅੰਦਰ ਸਕੂਲ ਨੂੰ ਦੇਣ ਲਈ ਆਦੇਸ਼ ਦਿੱਤੇ ਸਨ। ਪਰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਅਮਲੀ ਰੂਪ ‘ਚ ਕੋਈ ਕਾਰਵਾਈ ਨਾ ਹੋਣ ’ਤੇ ਜਥੇਬੰਦੀਆਂ ਅਤੇ ਜਮਹੂਰੀ ਸ਼ਖਸੀਅਤਾਂ ਨੇ ਸਥਾਨਕ ਉਪ ਮੰਡਲ ਮੈਜਿਸਟਰੇਟ ਨੂੰ ਚਿਤਾਵਨੀ ਪੱਤਰ ਦੇ ਕੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਸੀ। ਅਧਿਆਪਕ ਆਗੂ ਜੋਗਿੰਦਰ ਆਜ਼ਾਦ ਨੇ ਦੱਸਿਆ ਕਿ ਇਸ ਕਾਰਵਾਈ ਤੋਂ ਬਾਅਦ ਸਕੂਲੀ ਬੱਚਿਆਂ ਤੇ ਅਧਿਆਪਕਾਂ ਨੇ ਕਮਰੇ ’ਚ ਦਾਖ਼ਲ ਹੋਣਾ ਚਾਹਿਆ ਤਾਂ ਹੋਮਗਾਰਡ ਕਰਮਚਾਰੀ ਨੇ ਇਸ ਦੀ ਆਗਿਆ ਨਹੀਂ ਦਿੱਤੀ। ਇਸ ’ਤੇ ਸਿਖਿਆ ਵਿਭਾਗ ਦੇ ਕਰਮਚਾਰੀਆਂ ਤੇ ਹੋਮਗਾਰਡ ਕਰਮਚਾਰੀ ਵਿਚਕਾਰ ਬਹਿਸਬਾਜ਼ੀ ਵੀ ਹੋਈ। ਅੰਤ ਹੋਮਗਾਰਡ ਨੇ ਸੋਮਵਾਰ ਤੱਕ ਦਾ ਸਮਾਂ ਮੰਗ ਲਿਆ ਤਾਂ ਜੋ ਯੋਗ ਥਾਂ ਦਫ਼ਤਰ ਦੇ ਆਰਡਰ ਕਰਵਾਏ ਜਾ ਸਕਣ। ਇਸ ਮੌਕੇ ਇਸ ਮਸਲੇ ’ਤੇ ਸੰਘਰਸ਼ ਕਰ ਰਹੀ ਕਮੇਟੀ ਦੇ ਬੁਲਾਰਿਆਂ ਅਵਤਾਰ ਸਿੰਘ, ਅਸ਼ੋਕ ਭੰਡਾਰੀ, ਜਸਵੰਤ ਸਿੰਘ ਕਲੇਰ ਅਤੇ ਹਰਭਜਨ ਸਿੰਘ ਨੇ ਕਿਹਾ ਕਿ ਪ੍ਰਸ਼ਾਸ਼ਨ ਬਿਨਾਂ ਦੇਰੀ ਹੁਕਮ ਪੂਰੀ ਤਰ੍ਹਾਂ ਲਾਗੂ ਕਰੇ। ਉਨ੍ਹਾਂ ਕਿਹਾ ਕਿ ਐਸਡੀਐਮ ਨੂੰ ਖਾਲੀ ਇਮਾਰਤਾਂ ਦੀ ਜਾਣਕਾਰੀ ਸੌਂਪੀ ਹੋਈ ਹੈ ਅਤੇ ਥਾਂ ਵੀ ਦਿਖਾਈ ਹੈ ਇਸ ਲਈ ਮਸਲਾ ਹੋਰ ਲਮਕਾਉਣਾ ਸਹੀ ਨਹੀਂ।