ਪਰਾਲੀ ਸਾੜਨ ਵਿਰੁੱਧ ਅਧਿਕਾਰੀ ਸਰਗਰਮ
ਸ਼ਗਨ ਕਟਾਰੀਆ
ਬਠਿੰਡਾ, 9 ਨਵੰਬਰ
ਪਰਾਲੀ ਪ੍ਰਬੰਧਨ ਦੇ ਮੱਦੇਨਜ਼ਰ ਡੀਸੀ ਸ਼ੌਕਤ ਅਹਿਮਦ ਪਰੇ ਅਤੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਪਿੰਡ ਕੋਟ ਸ਼ਮੀਰ, ਨਸੀਬਪੁਰਾ, ਕੋਟ ਬਖਤੂ, ਭਾਗੀਵਾਂਦਰ, ਲਾਲੇਆਣਾ ਤੇ ਬੰਗੀ ਰੁਲਦੂ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਪਿੰਡ ਬੰਗੀ ਰੁਲਦੂ ਵਿੱਚ ਖੇਤ ’ਚ ਪਰਾਲੀ ਨੂੰ ਅੱਗ ਲੱਗੀ ਮਿਲਣ ’ਤੇ ਮੌਕੇ ’ਤੇ ਹੀ ਡੀਸੀ ਤੇ ਐੱਸਐੱਸਪੀ ਦੀ ਅਗਵਾਈ ਹੇਠ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਅੱਗ ਨੂੰ ਬੁਝਾਇਆ ਗਿਆ। ਅਧਿਕਾਰੀਆਂ ਨੇ ਕੋਟ ਸ਼ਮੀਰ ਵਿੱਚ ਬਣੇ ਪਰਾਲੀ ਸਟੋਰ ਕਰਨ ਵਾਲੇ ਡੰਪ ਦਾ ਦੌਰਾ ਕੀਤਾ। ਡੀਸੀ ਨੇ ਦਾਅਵਾ ਕੀਤਾ ਕਿ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ’ਚ ਵੀ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ 20 ਡੰਪਾਂ ’ਚ ਹੁਣ ਤੱਕ 2 ਲੱਖ ਮੀਟ੍ਰਿਕ ਟਨ ਝੋਨੇ ਦੀ ਪਰਾਲੀ ਨੂੰ ਸਟੋਰ ਕੀਤਾ ਜਾ ਚੁੱਕਾ ਹੈ।
ਮੋਗਾ (ਨਿੱਜੀ ਪੱਤਰ ਪ੍ਰੇਰਕ): ਡੀਸੀ-ਕਮ-ਜ਼ਿਲ੍ਹਾ ਮੈਜਿਸਟਰੇਟ ਕੁਲਵੰਤ ਸਿੰਘ, ਐੱਸਐੱਸਪੀ ਜੇ.ਐਲਨਚੇਜ਼ੀਅਨ ਅਤੇ ਐੱਸਡੀਐੱਮ ਸਾਰੰਗਪ੍ਰੀਤ ਸਿੰਘ ਔਜਲਾ ਦੂਜੇ ਦਿਨ ਵੀ ਖੇਤਾਂ ਵਿੱਚ ਡਟੇ ਰਹੇ। ਡੀਸੀ ਨੇ ਦੱਸਿਆ ਕਿ ਮੋਗਾ ਵਿੱਚ 29 ਕਿਸਾਨਾਂ ਖ਼ਿਲਾਫ਼ ਐੱਫਆਈਆਰ, 6 ਕਿਸਾਨਾਂ ਦੇ ਜ਼ਮੀਨੀ ਰਿਕਾਰਡ ’ਚ ਰੈੱਡ ਐਂਟਰੀ, ਜੁਰਮਾਨਾ 4.27 ਲੱਖ ਦੀ ਵਸੂਲੀ ਲਈ 177 ਚਲਾਨ ਕੱਟੇ ਗਏ ਹਨ ਅਤੇ ਪਿੰਡ ਫ਼ਤਿਹਗੜ੍ਹ ਕੋਰੋਟਾਣਾ ਦਾ ਨੰਬਰਦਾਰ ਮੁਅੱਤਲ ਕੀਤਾ ਗਿਆ ਹੈ।
ਪਰਾਲੀ ਸਾੜਨ ਦੇ ਦੋਸ਼ ਹੇਠ 11 ਕਿਸਾਨਾਂ ਖ਼ਿਲਾਫ਼ ਕੇਸ ਦਰਜ
ਫ਼ਰੀਦਕੋਟ (ਜਸਵੰਤ ਜੱਸ): ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਉੱਤੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ ਤਹਤਿ ਜ਼ਿਲ੍ਹਾ ਪੁਲੀਸ ਨੇ 11 ਕਿਸਾਨਾਂ ਖਿਲਾਫ਼ ਕੇਸ ਦਰਜ ਕੀਤੇ ਹਨ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਪਿੰਡ ਨਰੈਣਗੜ੍ਹ, ਢੁੱਡੀ, ਪੱਖੀ ਕਲਾਂ, ਸੰਗਤਪੁਰਾ, ਕੋਠੇ ਧਾਲੀਵਾਲ, ਸੰਧਵਾਂ, ਦਬੜ੍ਹੀਖਾਨਾ, ਗੁੰਮਟੀ ਖੁਰਦ ਅਤੇ ਸੇਵੇਵਾਲਾ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਕੇਸ ਦਰਜ ਕੀਤੇ ਗਏ ਹਨ। ਹਾਲਾਂਕਿ ਕਿਸੇ ਵੀ ਕਿਸਾਨ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਜਦਕਿ ਕੁਝ ਥਾਵਾਂ ਉੱਤੇ ਪ੍ਰਸ਼ਾਸਨ ਨੇ ਪਰਾਲੀ ਨੂੰ ਲੱਗੀ ਅੱਗ ਵੀ ਬੁਝਾਈ ਹੈ। ਮਾਲ ਵਿਭਾਗ ਤੇ ਪੁਲੀਸ ਦੇ ਸੀਨੀਅਰ ਦੇ ਅਧਿਕਾਰੀਆਂ ਨੇ ਅੱਜ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਅਤੇ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ।