ਬਨੂੜ ਮੰਡੀ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਨਾ ਹੋ ਸਕੀ ਸ਼ੁਰੂ
ਕਰਮਜੀਤ ਸਿੰਘ ਚਿੱਲਾ
ਬਨੂੜ, 1 ਅਕਤੂਬਰ
ਬਨੂੜ ਮੰਡੀ ਵਿੱਚ ਪੰਜਾਬ ਸਰਕਾਰ ਵੱਲੋਂ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਐਲਾਨਾਂ ਦੇ ਬਾਵਜੂਦ ਅੱਜ ਬਨੂੜ ਮੰਡੀ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਹੋ ਸਕੀ। ਦੁਪਹਿਰ ਸਮੇਂ ਮੁਹਾਲੀ ਦੀ ਐੱਸਡੀਐੱਮ ਦਮਨਜੀਤ ਕੌਰ ਵੱਲੋਂ ਬਨੂੜ ਮੰਡੀ ਦਾ ਦੌਰਾ ਕਰਕੇ ਆੜ੍ਹਤੀਆਂ ਨਾਲ ਮੀਟਿੰਗ ਕਰ ਕੇ ਝੋਨੇ ਦੀ ਖ਼ਰੀਦ ਸ਼ੁਰੂ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਸ਼ੈਲਰਾਂ ਦੀ ਹੜਤਾਲ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ। ਬਾਸਮਤੀ ਦੀ 1509 ਕਿਸਮ ਦੇ ਆਏ ਝੋਨੇ ਦੀ ਜ਼ਰੂਰ ਪ੍ਰਾਈਵੇਟ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ।
ਬਨੂੜ ਮੰਡੀ ਵਿੱਚ 1400 ਕੁਇੰਟਲ ਦੇ ਕਰੀਬ ਝੋਨਾ ਵਿਕਰੀ ਲਈ ਪਿਆ ਹੈ ਤੇ ਸਾਰੇ ਝੋਨੇ ਵਿੱਚ ਨਮੀ ਦੀ ਮਾਤਰਾ ਵੀ ਕਾਫੀ ਘੱਟ ਹੈ। ਕਿਸਾਨ ਸਭਾ ਦੇ ਆਗੂਆਂ ਗੁਰਦਰਸ਼ਨ ਸਿੰਘ ਖਾਸਪੁਰ, ਮੋਹਨ ਸਿੰਘ ਸੋਢੀ, ਕਰਤਾਰ ਸਿੰਘ ਨੰਡਿਆਲੀ, ਮੋਹਨ ਸਿੰਘ ਸੋਢੀ, ਜਾਗੀਰ ਸਿੰਘ ਹੰਸਾਲਾ ਆਦਿ ਨੇ ਪੰਜਾਬ ਸਰਕਾਰ ਨੂੰ ਝੋਨੇ ਦੀ ਤੁਰੰਤ ਖਰੀਦ ਆਰੰਭ ਕਰਨ ਲਈ ਆਖਿਆ ਹੈ ਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਕੌਮੀ ਮਾਰਗ ’ਤੇ ਆਵਾਜਾਈ ਠੱਪ ਕਰਨ ਦੀ ਚਿਤਾਵਨੀ ਦਿੱਤੀ ਹੈ।
ਸ਼ੈਲਰਾਂ ਵਾਲਿਆਂ ਦੀ ਹੜਤਾਲ ਕਾਰਨ ਆੜ੍ਹਤੀਆਂ ਵੱਲੋਂ ਵੀ ਝੋਨਾ ਖਰੀਦਣ ਲਈ ਬੇਵਸੀ ਪ੍ਰਗਟਾਈ ਜਾ ਰਹੀ ਹੈ। ਬਨੂੜ ਵਿੱਚ ਐੱਸਡੀਐੱਮ ਦੀ ਮੀਟਿੰਗ ਵਿਚ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪੁਨੀਤ ਜੈਨ ਬਨੂੜ ਨੇ ਆਖਿਆ ਕਿ ਸ਼ੈਲਰ ਵਾਲਿਆਂ ਦੇ ਸਹਿਮਤੀ ਤੋਂ ਝੋਨੇ ਦੀ ਕੋਈ ਖ਼ਰੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਐੱਸਡੀਐੱਮ ਦੇ ਵੀ ਧਿਆਨ ਵਿੱਚ ਲਿਆਂਦਾ ਕਿ ਝੋਨੇ ਦੀ ਚੁਕਾਈ ਸ਼ੈਲਰਾਂ ਵੱਲੋਂ ਕੀਤੀ ਜਾਣੀ ਹੈ ਤੇ ਜਦੋਂ ਤੱਕ ਉਹ ਕੰਮ ’ਤੇ ਨਹੀਂ ਆਉਂਦੇ ਤਾਂ ਝੋਨਾ ਖਰੀਦਿਆ ਨਹੀਂ ਜਾ ਸਕਦਾ। ਸ਼ੈਲਰ ਮਾਲਕਾਂ ਦੀ ਪੰਜਾਬ ਪੱਧਰ ’ਤੇ ਹੀ ਹੜਤਾਲ ਚੱਲ ਰਹੀ ਹੈ। ਮੀਟਿੰਗ ਵਿੱਚ ਖ਼ਰੀਦ ਏਜੰਸੀਆਂ ਦਾ ਕੋਈ ਨੁਮਾਇੰਦਾ ਵੀ ਹਾਜ਼ਰ ਨਹੀਂ ਸੀ।
ਖਰੜ ਅਨਾਜ ਮੰਡੀ ਵਿੱਚ ਆੜ੍ਹਤੀਆਂ ਦੀ ਹੜਤਾਲ ਸ਼ੁਰੂ
ਖਰੜ (ਪੱਤਰ ਪ੍ਰੇਰਕ): ਆਪਣੀਆਂ ਮੰਗਾਂ ਦੇ ਸਬੰਧ ਵਿੱਚ ਅੱਜ ਖਰੜ ਅਨਾਜ ਮੰਡੀ ਦੇ ਆੜ੍ਹਤੀਆਂ ਵੱਲੋਂ ਵੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅੱਜ ਇਥੇ ਝੋਨੇ ਦੀ ਕੋਈ ਖ਼ਰੀਦ ਨਹੀਂ ਹੋਈ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਹੜਤਾਲ ਉਸ ਸਮੇਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਪੰਜਾਬ ਦੇ ਆੜ੍ਹਤੀਆਂ ਦੀਆਂ ਮੰਗਾਂ ਨਹੀਂ ਮੰਨਦੀ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦੇ ਖਰਚਿਆ ਵਿੱਚ ਪਹਿਲਾਂ ਨਾਲੋ ਕਈ ਗੁਣਾ ਜ਼ਿਆਦਾ ਵਾਧਾ ਹੋਇਆ ਹੈ ਪਰ ਸਰਕਾਰ ਨੇ ਉਨ੍ਹਾਂ ਦੀ ਕਮਿਸ਼ਨ ਵਿੱਚ ਕੋਈ ਵਾਧਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਗੁਦਾਮਾਂ ਦੇ ਵਿੱਚ ਚੌਲ ਰੱਖਣ ਲਈ ਬਿਲਕੁਲ ਥਾਂ ਨਹੀਂ ਹੈ।