For the best experience, open
https://m.punjabitribuneonline.com
on your mobile browser.
Advertisement

ਆਰਥਿਕਤਾ ’ਤੇ ਵਿਚਾਰ ਕਰਨ ਲਈ ਮੰਚ ਮੁਹੱਈਆ ਕਰਵਾਉਣ ਦੀ ਪੇਸ਼ਕਸ਼

08:46 AM Mar 12, 2024 IST
ਆਰਥਿਕਤਾ ’ਤੇ ਵਿਚਾਰ ਕਰਨ ਲਈ ਮੰਚ ਮੁਹੱਈਆ ਕਰਵਾਉਣ ਦੀ ਪੇਸ਼ਕਸ਼
ਕਾਨਫਰੰਸ ਦੀ ਝਲਕ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਮਾਰਚ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪੰਜਾਬ ਦੀ ਆਰਥਿਕਤਾ ’ਤੇ ਹਰ ਮਹੀਨੇ ਵਿਚਾਰ ਕਰਨ ਲਈ ਯੂਨੀਵਰਸਿਟੀ ਵਿੱਚ ਮੰਚ ਮੁਹੱਈਆ ਕਰਾਉਣ ਦੀ ਪੇਸ਼ਕਸ਼ ਕੀਤੀ ਹੈ, ਤਾਂ ਜੋ ਸੂਬੇ ਦੀ ਆਰਥਿਕ ਹਾਲਤ ਬਾਰੇ ਲਗਾਤਾਰ ਉਸਾਰੂ ਵਿਸ਼ਲੇਸ਼ਣ ਕੀਤੇ ਜਾਣ ਦੇ ਨਾਲ-ਨਾਲ ਇਸ ਦੇ ਵਿਕਾਸ ਲਈ ਠੋਸ ਲੀਹਾਂ ਵੀ ਨਿਰਧਾਰਿਤ ਕੀਤੀਆਂ ਜਾ ਸਕਣ।
ਅੱਜ ਇੱਥੇ ਸੈਨਟ ਹਾਲ ਵਿਖੇ ‘ਪੰਜਾਬ ਇਨ ਡੈੱਟ ਟਰੈਪ- ਹਾਊ ਟੂ ਕਮ ਆਊਟ ਆਫ ਇਟ’ ਵਿਸ਼ੇ ’ਤੇ ਭਾਸ਼ਣ ਦੌਰਾਨ ਪ੍ਰਧਾਨਗੀ ਕਰਦੇ ਹੋਏ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬ ਦੇ ਸਬੰਧ ਵਿੱਚ ਸਾਰੇ ਪੱਖ ਅਕਾਦਮਿਕ ਬਹਿਸਾਂ ਨਾਲ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਹਨ ਤਾਂ ਜੋ ਸੂਬਾ ਸਮੱਸਿਆਵਾਂ ਵਿੱਚੋਂ ਨਿਕਲ ਕੇ ਨਿੱਗਰ ਵਿਕਾਸ ਦੇ ਰਾਹ ’ਤੇ ਚੱਲ ਸਕੇ। ਉਨ੍ਹਾਂ ਪੰਜਾਬ ਦੇ ਆਰਥਚਾਰੇ ਉੱਤੇ ਹਰ ਮਹੀਨੇ ਵਿਚਾਰ ਚਰਚਾ ਤੋਂ ਬਾਅਦ ਇੱਕ ‘ਇਕਨਾਮਕ ਬੁਲੇਟਿਨ’’ ਜਾਰੀ ਕਰਨ ਦੀ ਗੱਲ ਆਖੀ। ਉਨ੍ਹਾਂ ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਘਟਾਏ ਜਾਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਇਹ ਭਾਸ਼ਣ ਇੰਟਰਨਲ ਕੁਆਲਿਟੀ ਇੰਸ਼ੋਰੈਂਸ ਸੈੱਲ, ਅਰਥਸ਼ਾਸਤਰ ਵਿਭਾਗ ਅਤੇ ਸੈਂਟਰ ਫ਼ਾਰ ਡਿਵੈਲਪਮੈਂਟ ਇਕਨੌਮਿਕਸ ਐਂਡ ਇਨੋਵੇਸ਼ਨ ਸਟੱਡੀਜ਼ ਵੱਲੋਂ ਕਰਵਾਇਆ ਗਿਆ।
ਇਸ ਦੌਰਾਨ ਉੱਘੇ ਖੇਤੀ ਅਰਥਸ਼ਾਸਤਰੀ ਪ੍ਰੋ. ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਰਕਾਰਾਂ ਵੱਲੋਂ ਬਣਾਈਆਂ ਅਤੇ ਅਪਣਾਈਆਂ ਗਈਆਂ ਗ਼ਲਤ ਨੀਤੀਆਂ ਨੇ ਪੰਜਾਬ ਨੂੰ ਲਗਾਤਾਰ ਕਰਜ਼ੇ ਦੇ ਬੋਝ ਹੇਠ ਧੱਕਿਆ ਹੈ। ਉਨ੍ਹਾਂ ਕਿਹਾ ਕਿ ਰਾਜਨੀਤਿਕ ਹਿੱਤਾਂ ਦੇ ਮੱਦੇਨਜ਼ਰ ਵੱਖ-ਵੱਖ ਖੇਤਰਾਂ ਵਿੱਚ ਦਿੱਤੀਆਂ ਸਬਸਿਡੀਆਂ ਨੇ ਇਸ ਕਰਜ਼ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਬਸਿਡੀ ਸਿਰਫ਼ ਲੋੜਵੰਦਾਂ ਜਾਂ ਵਿਸ਼ੇਸ਼ ਖੇਤਰਾਂ ਵਿੱਚ ਹੀ ਮਿਲਣੀ ਚਾਹੀਦੀ ਹੈ। ਅਰਥਸ਼ਾਸਤਰੀ ਪ੍ਰੋ. ਰਣਜੀਤ ਸਿੰਘ ਘੁੰਮਣ ਹਾਜ਼ਰ ਸਨ। ਅੰਤ ਵਿੱਚ ਪ੍ਰੋ. ਉਮਰਾਉ ਸਿੰਘ ਵੱਲੋਂ ਧੰਨਵਾਦੀ ਮਤਾ ਪੇਸ਼ ਕੀਤਾ।

Advertisement

ਮਕੈਨੀਕਲ ਇੰਜਨੀਅਰਿੰਗ ਵਿਭਾਗ ਦੀ ਆਨਲਾਈਨ ਕਾਨਫਰੰਸ ਸ਼ੁਰੂ

ਪਟਿਆਲਾ (ਖੇਤਰੀ ਪ੍ਰਤੀਨਿਧ): ਪੰਜਾਬੀ ਯੂਨੀਵਰਸਿਟੀ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਵੱਲੋਂ ਕਰਵਾਈ ਜਾ ਰਹੀ ਪਲੇਠੀ ਕੌਮਾਂਤਰੀ ਆਨਲਾਈਨ ਕਾਨਫਰੰਸ ਸ਼ੁਰੂ ਹੋ ਗਈ ਹੈ ਜਿਸ ਦਾ ਉਦਘਾਟਨ ਆਈ.ਆਈ.ਟੀ. ਰੋਪੜ ਦੇ ਮਕੈਨੀਕਲ ਇੰਜਨੀਅਰਿੰਗ ਦੇ ਪ੍ਰੋਫੈਸਰ ਡਾ. ਹਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ। ਦੋ ਦਿਨ ਚੱਲਣ ਵਾਲੀ ਇਸ ਕਾਨਫਰੰਸ ਦਾ ਵਿਸ਼ਾ ‘ਅਡਵਾਂਸਜ਼ ਇਨ ਮਕੈਨੀਕਲ ਐਂਡ ਸਸਟੇਨੇਬਲ ਇੰਜਨੀਅਰਿੰਗ’ ਹੈ। ਯੰਗ ਸਾਇੰਟਿਸਟ ਐਵਾਰਡ ਜੇਤੂ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਸਸਟੇਨੇਬਲ ਭਾਵ ਉਸਾਰੂ ਕਿਸਮ ਦੀ ਇੰਜਨੀਅਰਿੰਗ ਅੱਜ ਪੂਰੇ ਸੰਸਾਰ ਲਈ ਮਹੱਤਵਪੂਰਨ ਵਿਸ਼ਾ ਹੈ ਅਤੇ ਚੋਟੀ ਦੀਆਂ ਸੰਸਥਾਵਾਂ ਇਸ ਉੱਪਰ ਖੋਜ ਕਰ ਰਹੀਆਂ ਹਨ। ਵਿਭਾਗ ਮੁਖੀ ਡਾ. ਬਲਰਾਜ ਸਿੰਘ ਸੈਣੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵੱਖ-ਵੱਖ ਮਾਹਿਰਾਂ ਵੱਲੋਂ ਦਿੱਤੇ ਭਾਸ਼ਣਾਂ ਰਾਹੀਂ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਨ ਦਾ ਮੌਕਾ ਮਿਲੇਗਾ। ਮਕੈਨੀਕਲ ਵਿਸ਼ੇ ਦੇ ਮਾਹਿਰ ਡਾ. ਜਸਦੀਪ ਭਿੰਡਰ ਕੁੰਜੀਵਤ ਭਾਸ਼ਣ ਦੇਣ ਲਈ ਵੀ ਕਨੈਡਾ ਦੇ ਮੌਂਟਰੀਅਲ ਤੋਂ ਆਨਲਾਈਨ ਮੋਡ ਰਾਹੀਂ ਸ਼ਾਮਿਲ ਹੋਏ। ਉਨ੍ਹਾਂ ਨੇ ‘ਪੋਲੀਮਰ ਫੋਮ : ਐਪਲੀਕੇਸ਼ਨ ਇਨ ਸੇਫਟੀ,ਹੈਲਥ, ਐਂਡ ਐਨਵਾਇਰਨਮੈਂਟ’ ਦੇ ਵਿਸ਼ੇ ਉੱਤੇ ਭਾਸ਼ਣ ਦਿੱਤਾ। ਕਾਨਫਰੰਸ ਦੇ ਕਨਵੀਨਰ ਡਾ. ਖੁਸ਼ਦੀਪ ਗੋਇਲ ਅਤੇ ਡਾ ਹਰਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਵੱਖ ਵੱਖ ਸੰਸਥਾਵਾਂ ਨਾਲ਼ ਜੁੜੇ ਮਕੈਨੀਕਲ ਇੰਜਨੀਅਰਿੰਗ ਨਾਲ਼ ਸਬੰਧਿਤ ਖੋਜਾਰਥੀਆਂ ਅਤੇ ਅਧਿਆਪਕਾਂ ਵੱਲੋਂ ਇਸ ਕਾਨਫਰੰਸ ਵਿੱਚ ਲਗਭਗ 78 ਖ਼ੋਜ ਪੱਤਰ ਸ਼ਾਮਿਲ ਹੋਏ ਹਨ। ਕਾਨਫਰੰਸ ਕੋਆਰਡੀਨੇਟਰ ਡਾ. ਚੰਦਨਦੀਪ ਸਿੰਘ ਨੇ ਕਿਹਾ ਕਿ ਆਨਲਾਈਨ ਕਾਨਫਰੰਸ ਜ਼ੀਰੋ ਬੱਜਟ ਵਿੱਚ ਕਰਵਾਈ ਜਾ ਰਹੀ ਹੈ। ਡਾ. ਗੁਰਮੀਤ ਕੌਰ, ਡੀਨ ਇੰਜਨੀਅਰਿੰਗ ਵਿਭਾਗ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

Advertisement
Author Image

joginder kumar

View all posts

Advertisement
Advertisement
×