ਉੜੀਸਾ: ਡੰਪਰ ਨੇ ਕਾਰ ਨੂੰ ਟੱਕਰ ਮਾਰੀ, ਦੋ ਭਾਜਪਾ ਆਗੂ ਹਲਾਕ
ਸੰਬਲਪੁਰ, 5 ਜਨਵਰੀ
ਉੜੀਸਾ ਦੇ ਸੰਬਲਪੁਰ ਜ਼ਿਲ੍ਹੇ ਵਿਚ ਅੱਜ ਵੱਡੇ ਤੜਕੇ ਡੰਪਰ ਵੱਲੋਂ ਮਾਰੀ ਟੱਕਰ ਵਿਚ ਕਾਰ ਸਵਾਰ ਦੋ ਭਾਜਪਾ ਆਗੂਆਂ ਦੀ ਮੌਤ ਹੋ ਗਈ। ਪੀੜਤਾਂ ਦੀ ਪਛਾਣ ਦੇਬੇਂਦਰ ਨਾਇਕ ਤੇ ਮੁਰਲੀਧਰ ਚੂੜੀਆ ਵਜੋਂ ਹੋਈ ਹੈ। ਨਾਇਕ ਭਾਜਪਾ ਦੀ ਗੋਸ਼ਾਲਾ ਮੰਡਲ ਦਾ ਪ੍ਰਧਾਨ ਸੀ ਜਦੋਂਕਿ ਚੂੜੀਆ ਸਾਬਕਾ ਸਰਪੰਚ ਹੈ। ਇਹ ਦੋਵੇਂ ਸੀਨੀਅਰ ਭਾਜਪਾ ਆਗੂ ਨੌਰੀ ਨਾਇਕ ਦੇ ਕਰੀਬੀ ਸਨ। ਹਾਦਸਾ ਵੱਡੇ ਤੜਕੇ ਡੇਢ ਵਜੇ ਦੇ ਕਰੀਬ ਨੈਸ਼ਨਲ ਹਾਈਵੇਅ 53 ਉੱਤੇ ਬੁਰਲਾ ਪੁਲੀਸ ਥਾਣੇ ਅਧੀਨ ਆਉਂਦੇ ਖੇਤਰ ਵਿਚ ਹੋਇਆ। ਪੁਲੀਸ ਮੁਤਾਬਕ ਕਾਰ ਵਿਚ ਡਰਾਈਵਰ ਸਣੇ ਛੇ ਵਿਅਕਤੀ ਸਵਾਰ ਸਨ ਤੇ ਉਹ ਭੁਬਨੇਸ਼ਵਰ ਤੋਂ ਕਾਰਦੋਲਾ ਆਪਣੇ ਘਰ ਪਰਤ ਰਹੇ ਸਨ। ਕਾਰ ਸਵਾਰ ਛੇ ਜਣਿਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋ ਜਣਿਆਂ ਨੂੰ ਮ੍ਰਿਤ ਐਲਾਨ ਦਿੱਤਾ। ਹਾਦਸੇ ਵਿਚ ਜ਼ਖਮੀ ਹੋਏ ਸੁਰੇਸ਼ ਚੰਦਾ ਨੇ ਦੱਸਿਆ ਕਿ ਡੰਪਰ ਨੇ ਕਥਿਤ ਦੋ ਵਾਰ ਕਾਰ ਨੂੰ ਪਿੱਛਿਓਂ ਟੱਕਰ ਮਾਰੀ। ਚੰਦਾ ਨੇ ਖਦਸ਼ਾ ਜਤਾਇਆ ਕਿ ਕੋਈ ਜਾਣਬੁੱਝ ਕੇ ਵਾਹਨ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। -ਪੀਟੀਆਈ