ਮਕਬੂਜ਼ਾ ਕਸ਼ਮੀਰ: ਸੁਰੱਖਿਆ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਗੋਲੀਬਾਰੀ, ਤਿੰਨ ਹਲਾਕ
ਇਸਲਾਮਾਬਾਦ, 14 ਮਈ
ਮਕਬੂਜ਼ਾ ਕਸ਼ਮੀਰ (ਪੀਓਕੇ) ਦੀ ਰਾਜਧਾਨੀ ਮੁਜ਼ੱਫਰਾਬਾਦ ਵਿੱਚ ਨੀਮ ਫ਼ੌਜੀ ਬਲਾਂ ਨਾਲ ਝੜਪਾਂ ਦੌਰਾਨ ਸੁਰੱਖਿਆ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਕੀਤੀ ਗਈ ਗੋਲੀਬਾਰੀ ਦੌਰਾਨ ਘੱਟੋ ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖਮੀ ਹੋ ਗਏ। ਮਕਬੂਜ਼ਾ ਕਸ਼ਮੀਰ ’ਚ ਕਣਕ ਦੇ ਆਟੇ ਅਤੇ ਬਿਜਲੀ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ‘ਡਾਅਨ’ ਅਖਬਾਰ ਮੁਤਾਬਕ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਕੀਤੇ ਗਏ ਨੀਮ ਫੌਜੀ ਰੇਂਜਰਾਂ ’ਤੇ ਇਲਾਕਾ ਤੋਂ ਬਾਹਰ ਨਿਕਲਦੇ ਸਮੇਂ ਹਮਲਾ ਹੋ ਗਿਆ। ਰਿਪੋਰਟ ਵਿੱਚ ਕਿਹਾ ਗਿਆ ਕਿ ਪੰਜ ਟਰੱਕਾਂ ਸਮੇਤ 19 ਵਾਹਨਾਂ ਦੇ ਕਾਫਲੇ ਨੇ ਖੈਬਰ ਪਖਤੂਨਖਵਾ ਦੀ ਸਰਹੱਦ ਨਾਲ ਲੱਗਦੇ ਪਿੰਡ ਬਰਾੜਕੋਟ ਤੋਂ ਬਾਹਰ ਜਾਣ ਦੀ ਬਜਾਏ ਕੋਹਾਲਾ ਰਾਹੀਂ ਖੇਤਰ ’ਚੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ। ਜਿਵੇਂ ਹੀ ਇਹ ਕਾਫਲਾ ‘ਰੋਹ ਭਰੇ ਮਾਹੌਲ’ ਵਿੱਚ ਮੁਜ਼ੱਫਰਾਬਾਦ ਪਹੁੰਚਿਆ, ਸ਼ੋਰਾਂ ਦਾ ਨੱਕਾ ਪਿੰਡ ਕੋਲ ਇਸ ’ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ। ਇਸ ਦੇ ਜਵਾਬ ਵਿੱਚ ਰੇਂਜਰਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਗੋਲੀਬਾਰੀ ਕੀਤੀ। ਇਸ ਸਬੰਧੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਮੁਜ਼ੱਫਰਾਬਾਦ-ਬਰਾੜਕੋਟ ਸੜਕ ’ਤੇ ਰੇਂਜਰਾਂ ਦੇ ਤਿੰਨ ਵਾਹਨਾਂ ਨੂੰ ਲੱਗੀ ਅੱਗ ਦਿਖਾਈ ਦੇ ਰਹੀ ਹੈ। -ਪੀਟੀਆਈ