ਪਿੰਡ ਢੱਡਾ ’ਚ ਪੋਲਿੰਗ ਸਟੇਸ਼ਨ ’ਤੇ ‘ਕਬਜ਼ਾ’
ਬਲਵਿੰਦਰ ਸਿੰਘ ਭੰਗੂ
ਭੋਗਪੁਰ, 2 ਅਕਤੂਬਰ
ਨੇੜਲੇ ਪਿੰਡ ਢੱਡਾ (ਸਨੌਰਾ) ਦੇ ਪੋਲਿੰਗ ਸਟੇਸ਼ਨ ’ਤੇ ਕਥਿਤ ਕਬਜ਼ਾ ਹੋਣ ਕਾਰਨ ਚੋਣ ਅਧਿਕਾਰੀਆਂ ਨੂੰ ਪੰਚਾਇਤੀ ਚੋਣ ਕਰਾਉਣ ਵਿੱਚ ਮੁਸ਼ਕਲ ਆ ਰਹੀ ਹੈ। ਪ੍ਰਸ਼ਾਸਨ ਹੁਣ ਤੱਕ ਇਸ ਪਿੰਡ ਦੀ ਧਰਮਸ਼ਾਲਾ ਵਿੱਚ ਪੰਚਾਇਤੀ, ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਕਰਾਉਣ ਦਾ ਪ੍ਰਬੰਧ ਕਰਦਾ ਰਿਹਾ ਹੈ। ਵਾਲਮੀਕਿ ਭਾਈਚਾਰੇ ਨੇ 20 ਅਕਤੂਬਰ 2022 ਨੂੰ ਪਿੰਡ ਦੀ ਸਰਪੰਚ ਗੁਰਜੀਤ ਕੌਰ ਕੋਲੋਂ ਧਰਮਸ਼ਾਲਾ ਦੀ ਚਾਬੀ ਲੈ ਕੇ ਮਹਾਰਿਸ਼ੀ ਵਾਲਮੀਕ ਦਾ ਪ੍ਰਕਾਸ਼ ਦਿਹਾੜਾ ਮਨਾਇਆ ਪਰ ਚਾਬੀ ਵਾਪਸ ਨਹੀਂ ਕੀਤੀ। ਪੰਚਾਇਤ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਨੂੰ ਦਰਖਾਸਤਾਂ ਦੇ ਕੇ ਇਸ ਇਮਾਰਤ ਤੋਂ ਕਥਿਤ ਕਬਜ਼ਾ ਛੁਡਵਾਉਣ ਦੀ ਮੰਗ ਕੀਤੀ ਪਰ ਸਿਆਸੀ ਦਬਾਅ ਕਾਰਨ ਕੋਈ ਕਾਰਵਾਈ ਨਹੀਂ ਹੋਈ।
ਚੋਣ ਕਮਿਸ਼ਨ ਨੇ ਪਿੰਡ ਦੀ ਇਸ ਧਰਮਸ਼ਾਲਾ ਨੂੰ ਪੋਲਿੰਗ ਬੂਥ ਨੰਬਰ 30 ਅਲਾਟ ਕੀਤਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਦੱਸਿਆ ਕਿ ਆਜ਼ਾਦੀ ਮਗਰੋਂ ਪਿੰਡ ਦੀ ਇਸ ਧਰਮਸ਼ਾਲਾ ਵਿੱਚ ਪੋਲਿੰਗ ਸਟੇਸ਼ਨ ਬਣਦਾ ਆ ਰਿਹਾ ਹੈ। ਵਾਲਮੀਕਿ ਭਾਈਚਾਰੇ ਨੇ ਦੋ ਸਾਲਾਂ ਤੋਂ ਇਸ ’ਤੇ ਕਥਿਤ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਪਿੰਡ ਵਿੱਚ ਕੋਈ ਹੋਰ ਸਰਕਾਰੀ ਜਾਂ ਅਰਧ ਸਰਕਾਰੀ ਇਮਾਰਤ ਨਹੀਂ ਹੈ, ਜਿੱਥੇ ਪੋਲਿੰਗ ਸਟੇਸ਼ਨ ਬਣਾਇਆ ਜਾਵੇ। ਇਸ ਪੱਤਰ ਮਗਰੋਂ ਚੋਣ ਅਧਿਕਾਰੀਆਂ ਨੂੰ ਇਸ ਗੱਲ ਦੀ ਫ਼ਿਕਰ ਹੈ ਕਿ ਪਿੰਡ ਢੱਡਾ (ਸਨੌਰਾ) ਦੀ ਪੰਚਾਇਤ ਚੋਣ ਕਿੱਥੇ ਕਰਾਈ ਜਾਵੇ।
ਅਧਿਕਾਰੀਆਂ ਦੇ ਹੁਕਮ ’ਤੇ ਕਾਰਵਾਈ ਕੀਤੀ ਜਾਵੇਗੀ: ਚੋਣ ਅਧਿਕਾਰੀ
ਚੋਣ ਅਧਿਕਾਰੀ ਕਮ ਕਾਰਜਕਾਰੀ ਮੈਜਿਸਟਰੇਟ ਰਾਜਬੀਰ ਸਿੰਘ ਨੇ ਕਿਹਾ ਕਿ ਪਿੰਡ ਢੱਡਾ ਵਿੱਚ ਧਰਮਸ਼ਾਲਾ (ਪੋਲਿੰਗ ਸਟੇਸ਼ਨ ਬੂਥ ਨੰਬਰ 30) ’ਤੇ ਨਾਜਾਇਜ਼ ਕਬਜ਼ੇ ਬਾਰੇ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ। ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਸਾਬਕਾ ਸਰਪੰਚ ਵੱਲੋਂ ਚੋਣਾਂ ਦੇ ਬਾਈਕਾਟ ਦੀ ਚਿਤਾਵਨੀ
ਪਿੰਡ ਦੀ ਸਾਬਕਾ ਸਰਪੰਚ ਗੁਰਜੀਤ ਕੌਰ ਨੈ ਕਿਹਾ ਕਿ ਜੇ ਚੋਣ ਕਮਿਸ਼ਨ ਨੇ ਪਿੰਡ ਤੋਂ ਬਾਹਰ ਕਿਸੇ ਹੋਰ ਪੋਲਿੰਗ ਸਟੇਸ਼ਨ ਬਣਾਉਣ ਦਾ ਪ੍ਰਬੰਧ ਕੀਤਾ ਤਾਂ ਸਾਰੇ ਪਿੰਡ ਵੱਲੋਂ ਪੰਚਾਇਤੀ ਚੋਣ ਦਾ ਬਾਈਕਾਟ ਕੀਤਾ ਜਾਵੇਗਾ। ਥਾਣਾ ਭੋਗਪੁਰ ਦੇ ਮੁਖੀ ਇੰਸਪੈਕਟਰ ਸਿਕੰਦਰ ਸਿੰਘ ਨੇ ਕਿਹਾ ਕਿ ਇਸ ਮਸਲੇ ਦਾ ਹੱਲ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ।