ਕੋਠੀ ’ਤੇ ਕਬਜ਼ਾ: ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਹੋਣ ਕਾਰਨ ਕੀਤਾ ਰੋਸ ਵਿਖਾਵਾ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਜੁਲਾਈ
ਸਥਾਨਕ ਹੀਰਾ ਬਾਗ ਸਥਿਤ ਇਕ ਪਰਵਾਸੀ ਪੰਜਾਬੀ ਪਰਿਵਾਰ ਦੀ ਕੋਠੀ ਦੇ ਕਬਜ਼ੇ ਦੇ ਬਹੁਚਰਚਿਤ ਮਾਮਲੇ ‘ਚ ਮੰਗ-ਪੱਤਰ ਦੇਣ ਤੋਂ ਪੰਦਰਾਂ ਦਨਿ ਬਾਅਦ ਵੀ ਕੋਈ ਕਾਰਵਾਈ ਨਾ ਹੋਣ ‘ਤੇ ਅੱਜ ਤਿੱਖੇ ਰੋਸ ਦਾ ਰੋਸ ਪ੍ਰਗਟਾਵਾ ਕੀਤਾ ਗਿਆ। ਐੱਨਆਰਆਈ ਜਾਇਦਾਦਾਂ ਬਚਾਓ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਵੱਖ-ਵੱਖ ਜਨਤਕ, ਕਿਸਾਨ, ਮਜ਼ਦੂਰ ਤੇ ਇਨਕਲਾਬੀ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਹਾਕਮ ਧਿਰ ਦੇ ਆਗੂਆਂ ਦਾ ਸਿੱਧਾ ਨਾਂ ਬੋਲਦਾ ਹੋਣ ਕਰਕੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਬਣਦੀ ਕਾਨੂੰਨੀ ਕਾਰਵਾਈ ਕਰਨ ਤੋਂ ਵੀ ਅਸਮਰਥ ਨਜ਼ਰ ਆ ਰਿਹਾ ਹੈ। ਪਰਵਾਸੀ ਪੰਜਾਬੀਆਂ ਨਾਲ ਵੱਡੇ ਵਾਅਦੇ ਅਤੇ ਜਾਇਦਾਦਾਂ ਛੁਡਾਉਣ ਦਾ ਦਮ ਭਰਨ ਵਾਲੀ ਭਗਵੰਤ ਮਾਨ ਸਰਕਾਰ ਵੀ ਇਸ ਮਾਮਲੇ ‘ਚ ਦੋਹਰੇ ਮਾਪਦੰਡਾਂ ‘ਤੇ ਆ ਗਈ ਹੈ। ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਦੇ ਹੜ੍ਹ ਰੋਕੂ ਪ੍ਰਬੰਧ ’ਚ ਰੁੱਝੇ ਹੋਣ ਕਰਕੇ ਐਕਸ਼ਨ ਕਮੇਟੀ ਦੇ ਆਗੂਆਂ ਨੇ ਪੁਲੀਸ ਕਪਤਾਨ (ਐੱਚ) ਮਲਵਿੰਦਰਜੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪੀੜਤ ਪਰਿਵਾਰ ਦੀ ਕੁਲਦੀਪ ਕੌਰ ਧਾਲੀਵਾਲ ਵੀ ਮੌਜੂਦ ਰਹੀ। ਉਪਰੰਤ ਵਫ਼ਦ ਉਪ ਮੰਡਲ ਮੈਜਿਸਟਰੇਟ ਮਨਜੀਤ ਕੌਰ ਨੂੰ ਵੀ ਮਿਲਿਆ ਅਤੇ ਜਾਅਲੀ ਮੁਖਤਿਆਰਨਾਮੇ ਦੇ ਆਧਾਰ ‘ਤੇ ਕਰਮ ਸਿੰਘ ਦੇ ਨਾਂ ਕੀਤੀ ਰਜਿਸਟਰੀ ਤੇ ਇੰਤਕਾਲ ਫੌਰੀ ਰੱਦ ਕਰਨ ਦੀ ਮੰਗ ਕੀਤੀ।
ਇਸ ਤੋਂ ਬਾਅਦ ਵਫ਼ਦ ‘ਚ ਸ਼ਾਮਲ ਆਗੂਆਂ ਨੇ ਦੁਹਰਾਇਆ ਕਿ ਪ੍ਰਸ਼ਾਸਨ ਨੂੰ ਇਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੋਇਆ ਹੈ ਅਤੇ ਮੰਗਾਂ ਨਾ ਮੰਨੇ ਜਾਣ ‘ਤੇ 17 ਜੁਲਾਈ ਨੂੰ ਐੱਸਐੱਸਪੀ ਦਫ਼ਤਰ ਦਾ ਘਿਰਾਓ ਹੋਵੇਗਾ। ਵਫ਼ਦ ਨੇ ਜ਼ੋਰ ਦੇ ਕੇ ਕਿਹਾ ਕਿ ਕਰਮ ਸਿੰਘ ਵਲੋਂ ਜਾਅਲੀ ਮੁਖਤਿਆਰਨਾਮੇ ਦੇ ਆਧਾਰ ‘ਤੇ ਕਰਵਾਈ ਰਜਿਸਟਰੀ ਜਾਅਲੀ ਸਾਬਤ ਹੋ ਚੁੱਕੀ ਹੈ ਅਤੇ ਕਰਮ ਸਿੰਘ ਨੇ ਲਿਖਤੀ ਤੌਰ ‘ਤੇ ਇਹ ਗਲਤੀ ਸਵੀਕਾਰ ਵੀ ਕਰ ਲਈ ਹੈ ਤਾਂ ਫਿਰ ਇਸ ਮਾਮਲੇ ‘ਚ ਜਿਹੜੇ ਹਾਕਮ ਧਿਰ ਦੇ ਆਗੂਆਂ, ਮਾਲ ਮਹਿਕਮੇ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ-ਕਰਮਚਾਰੀਆਂ ਅਤੇ ਹੋਰਨਾਂ ਵਿਅਕਤੀਆਂ ਦਾ ਨਾਂ ਬੋਲਦਾ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੋ ਰਹੀ। ਨਾਜਾਇਜ਼ ਕਬਜ਼ੇ ਰੋਕਣ ਲਈ ਕਾਰਵਾਈ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਵੀ ਮਿਸਾਲ ਕਾਇਮ ਕਰਨ ਦਾ ਇਹ ਮੌਕਾ ਹੈ। ਵਫ਼ਦ ‘ਚ ਕੰਵਲਜੀਤ ਖੰਨਾ, ਗੁਰਮੇਲ ਸਿੰਘ ਰੂਮੀ, ਜਸਦੇਵ ਸਿੰਘ ਲਲਤੋਂ, ਬੂਟਾ ਸਿੰਘ ਚਕਰ, ਤਰਲੋਚਨ ਸਿੰਘ ਝੋਰੜਾਂ, ਬਲਰਾਜ ਸਿੰਘ ਕੋਟਉਮਰਾ, ਜਗਤਾਰ ਸਿੰਘ ਦੇਹੜਕਾ, ਸੁਖਦੇਵ ਮਾਣੂੰਕੇ, ਭਰਪੂਰ ਸਿੰਘ ਸਵੱਦੀ, ਗੁਰਮੇਲ ਸਿੰਘ ਭਰੋਵਾਲ ਆਦਿ ਆਗੂ ਸ਼ਾਮਲ ਸਨ।