ਦੌਲਤ ਸਿਰਣਹਾਰਾਂ ਅਤੇ ਰੁਜ਼ਗਾਰ ਦੇਣ ਵਾਲਿਆਂ ਨੂੰ ਲੈ ਕੇ ਸੰਸਦ ਵਿੱਚ ਰੁਕਾਵਟਾਂ ਨਿਰਾਸ਼ਾਜਨਕ: Sadguru
ਨਵੀਂ ਦਿੱਲੀ, 12 ਦਸੰਬਰ
ਇਸ਼ਾ ਫਾਊਂਡੇਸ਼ਨ ਦੇ ਬਾਨੀ ਜੱਗੀ ਵਾਸੂਦੇਵ (Jaggi Vasudev) ਨੇ ਸੰਸਦ ਦੇ ਚੱਲ ਰਹੇ ਸੈਸ਼ਨ 'ਚ ਵਾਰ-ਵਾਰ ਰੁਕਾਵਟਾਂ ਪਾਏ ਜਾਣ, ਖਾਸ ਤੌਰ ’ਤੇ ਨਿੱਜੀ ਮਾਲਕੀ ਵਾਲੇ ਕਾਰੋਬਾਰਾਂ ਅਤੇ ਸਮੂਹਾਂ ਨਾਲ ਜੁੜੇ ਮਾਮਲਿਆਂ ਨੂੰ ਵੱਡੇ ਪੱਧਰ ’ਤੇ ਉਠਾਏ ਜਾਣ ਉਤੇ ਵੀਰਵਾਰ ਨੂੰ ਨਿਰਾਸ਼ਾ ਜ਼ਾਹਰ ਕੀਤੀ ਹੈ। ਅਧਿਆਤਮਿਕ ਗੁਰੂ ਨੇ ਕਿਹਾ, "ਸੰਸਦ ਵਿੱਚ ਵਿਘਨ ਦੇਖਣਾ ਨਿਰਾਸ਼ਾਜਨਕ ਹੈ, ਖਾਸ ਤੌਰ ’ਤੇ ਜਦੋਂ ਅਸੀਂ ਸੰਸਾਰ ਲਈ ਲੋਕਤੰਤਰ ਦਾ ਪ੍ਰਤੀਕ ਬਣਨ ਦੀ ਇੱਛਾ ਰੱਖਦੇ ਹਾਂ।’’ ‘ਐਕਸ’ 'ਤੇ ਉਨ੍ਹਾਂ ਕਿਹਾ, ‘‘ਭਾਰਤ ਦੇ ਦੌਲਤ ਸਿਰਜਣਹਾਰਾਂ ਅਤੇ ਰੁਜ਼ਗਾਰ ਦੇਣ ਵਾਲਿਆਂ ਨੂੰ ਸਿਆਸੀ ਬਿਆਨਬਾਜ਼ੀ ਦਾ ਵਿਸ਼ਾ ਨਹੀਂ ਬਣਾਇਆ ਜਾਣਾ ਚਾਹੀਦਾ।’’ ਅਧਿਆਤਮਿਕ ਗੁਰੂ ਨੇ ਅੱਗੇ ਸੁਝਾਅ ਦਿੱਤਾ ਕਿ ਜੇ ਕੋਈ ਮਤਭੇਦ ਹਨ, ਤਾਂ ਉਨ੍ਹਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਨਿਬੇੜਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇੱਕ ਸਿਆਸੀ ਫੁੱਟਬਾਲ ਨਹੀਂ ਬਣਨਾ ਚਾਹੀਦਾ ਹੈ।’’
ਕੋਇੰਬਟੂਰ ਸਥਿਤ ਸਦਗੁਰੂ ਨੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਨੂੰ ਇੱਕ ‘ਭਵਯ ਭਾਰਤ’ ਬਣਨ ਲਈ ਭਾਰਤੀ ਕਾਰੋਬਾਰ ਨੂੰ ਵਧਣਾ ਚਾਹੀਦਾ ਹੈ। ਸਦਗੁਰੂ ਦੀ ਟਿੱਪਣੀ ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦੇ ਦੌਰਾਨ ਆਈ ਹੈ, ਜੋ 20 ਦਸੰਬਰ ਨੂੰ ਖਤਮ ਹੋਣ ਜਾ ਰਿਹਾ ਹੈ ਪਰ ਇਸ ਨੂੰ ਇੱਕ ਜਾਂ ਦੂਜੇ ਮੁੱਦੇ ’ਤੇ ਵਾਰ-ਵਾਰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਕੁਝ ਕਾਰੋਬਾਰੀ ਘਰਾਣਿਆਂ ਦਾ ਪੱਖ ਲੈਣ ਲਈ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ ਜਦੋਂ ਕਿ ਐਨਡੀਏ ਆਗੂ ਭ੍ਰਿਸ਼ਟਾਚਾਰ ਲਈ ਇੰਡੀਆ ਗੱਠਜੋੜ ’ਤੇ ਹਮਲੇ ਕਰ ਰਹੇ ਹਨ।
ਇੱਕ ਦਿਨ ਪਹਿਲਾਂ ਇੰਡੀਆ ਗੱਠਜੋੜ ਦੇ ਸੰਸਦ ਮੈਂਬਰਾਂ ਨੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੇ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਸੀ ਅਤੇ ਉਨ੍ਹਾਂ 'ਤੇ ਪੱਖਪਾਤੀ ਵਿਹਾਰ ਅਤੇ ਸਰਕਾਰ ਦੇ ਬੁਲਾਰੇ ਵਜੋਂ ਕੰਮ ਕਰਨ ਦਾ ਦੋਸ਼ ਲਗਾਇਆ ਸੀ। ਆਈਏਐੱਨਐੱਸ