ਰਾਸ਼ਟਰਪਤੀ ਚੋਣਾਂ ਲਈ ਨਿਗਰਾਨ ਸ੍ਰੀ ਲੰਕਾ ਪੁੱਜੇ
ਕੋਲੰਬੋ, 18 ਅਗਸਤ
ਯੂਰੋਪੀ ਯੂਨੀਅਨ ਤੇ ਰਾਸ਼ਟਰਮੰਡਲ ਮੁਲਕਾਂ ਨਾਲ ਸਬੰਧਤ ਚੋਣ ਨਿਗਰਾਨਾਂ ਦਾ ਇਕ ਸਮੂਹ 21 ਸਤੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਸ੍ਰੀ ਲੰਕਾ ਪਹੁੰਚ ਗਿਆ ਹੈ। ਚੋਣ ਨਿਗਰਾਨ ਸ੍ਰੀ ਲੰਕਾ ਦੇ ਚੋਣ ਕਮਿਸ਼ਨ ਦੇ ਸੱਦੇ ’ਤੇ ਕੋਲੰਬੋ ਪਹੁੰਚੇ ਹਨ। ਯੂਰੋਪੀ ਯੂਨੀਅਨ ਇਸ ਤੋਂ ਪਹਿਲਾਂ 6 ਵਾਰ ਸ੍ਰੀ ਲੰਕਾ ਵਿਚ ਚੋਣਾਂ ਦੀ ਨਿਗਰਾਨੀ ਕਰ ਚੁੱਕੀ ਹੈ ਤੇ ਆਖਰੀ ਵਾਰ 2019 ਵਿਚ ਰਾਸ਼ਟਰਪਤੀ ਚੋਣਾਂ ਲਈ ਟੀਮ ਕੋਲੰਬੋ ਆਈ ਸੀ। ਰਾਸ਼ਟਰਪਤੀ ਦੇ ਅਹੁਦੇ ਲਈ ਮੌਜੂਦਾ ਸਦਰ ਰਨਿਲ ਵਿਕਰਮਸਿੰਘੇ, ਵਿਰੋਧੀ ਧਿਰ ਦੇ ਮੁੱਖ ਆਗੂ ਸਜਿਤ ਪ੍ਰੇਮਦਾਸਾ ਤੇ ਮਾਰਕਸਵਾਦੀ ਜੇਵੀਪੀ ਆਗੂ ਅਨੂਰਾ ਕੁਮਾਰ ਦੀਸਾਨਾਇਕੇ ਪ੍ਰਮੁੱਖ ਦਾਅਦੇਵਾਰ ਹਨ।
ਨਿਗਰਾਨ ਸਮੂਹ ਦੇ ਮੁਖੀ ਨੇ ਸ਼ਨਿੱਚਰਵਾਰ ਨੂੰ ਇਕ ਬਿਆਨ ਵਿਚ ਕਿਹਾ, ‘‘ਇਸ ਸਾਲ ਸ੍ਰੀ ਲੰਕਾ ਵਿਚ ਚੋਣ ਨਿਗਰਾਨ ਮਿਸ਼ਨ ਦੀ ਤਾਇਨਾਤੀ ਮੁਲਕ ਵਿਚ ਭਰੋਸੇਯੋਗ, ਪਾਰਦਰਸ਼ੀ, ਤੇ ਸ਼ਾਂਤੀਪੂਰਨ ਚੋਣਾਂ ਲਈ ਸਾਡੀ ਵਚਨਬੱਧਤਾ ਦੀ ਤਸਦੀਕ ਕਰਦੀ ਹੈ।’’ ਮੁਖੀ ਨੇ ਕਿਹਾ, ‘‘ਅਗਾਮੀ ਰਾਸ਼ਟਰਪਤੀ ਚੋਣਾਂ 2022 ਦੇ ਸਿਆਸੀ ਤੇ ਆਰਥਿਕ ਸੰਕਟ ਮਗਰੋਂ ਜਮਹੂਰੀਅਤ ਨੂੰ ਨਵੀਂ ਸ਼ਕਤੀ ਦੇਣਗੀਆਂ। ਇਹ ਚੋਣਾਂ ਸੁਧਾਰਾਂ ਦੇ ਰਾਹ ਵਿਚ ਤਰੱਕੀ ਜਾਰੀ ਰੱਖਣ ਤੇ ਜਮਹੂਰੀ ਕਦਰਾਂ ਕੀਮਤਾਂ ਦੇ ਸਤਿਕਾਰ ਲਈ ਸ੍ਰੀ ਲੰਕਾ ਵਾਸਤੇ ਬਹੁਤ ਅਹਿਮ ਹਨ।’’ -ਪੀਟੀਆਈ