ਅਧਿਕਾਰੀਆਂ ਵੱਲੋਂ ਕਣਕ ’ਤੇ ਗੁਲਾਬੀ ਸੁੰਡੀ ਦੇ ਹਮਲੇ ਦਾ ਨਿਰੀਖਣ
ਪੱਤਰ ਪ੍ਰੇਰਕ
ਐਸ.ਏ.ਐਸ.ਨਗਰ (ਮੁਹਾਲੀ), 28 ਨਵੰਬਰ
ਮੁੱਖ ਖੇਤੀਬਾੜੀ ਅਫਸਰ ਮੁਹਾਲੀ ਡਾ. ਗੁਰਮੇਲ ਸਿੰਘ ਦੀ ਅਗਵਾਈ ਹੇਠ ਬਲਾਕ ਖਰੜ ਦੇ ਵੱਖ-ਵੱਖ ਪਿੰਡਾਂ ਵਿੱਚ ਖੇਤੀ ਅਧਿਕਾਰੀਆਂ ਵੱਲੋਂ ਕਣਕ ਦੀ ਬਜਾਈ ਵਾਲੇ ਖੇਤਾਂ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਸੂਚਨਾਵਾਂ ਮਿਲਣ ਤੇ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ।
ਖੇਤੀਬਾੜੀ ਅਫਸਰ ਖਰੜ ਸ਼ੁਭਕਰਨ ਸਿੰਘ ਧਾਲੀਵਾਲ, ਏਡੀਓ ਮਨਦੀਪ ਕੌਰ, ਏਈਓ ਅਜੇ ਸ਼ਰਮਾ ਅਤੇ ਕਰਨਵੀਰ ਸਿੰਘ ਮਹਿਲ ਵੱਲੋਂ ਪਿੰਡ ਨੰਡਿਆਲੀ, ਅਲੀਪੁਰ, ਪੋਪਨਾ, ਧੜਾਕ ਕਲਾਂ ਅਤੇ ਦੇਹਕਲਾਂ ਵਿੱਚ ਸਰਵੇਖਣ ਕੀਤਾ ਗਿਆ, ਜਿਸ ਦੌਰਾਨ ਕਿਤੇ ਵੀ ਇਸ ਕੀੜੇ ਦਾ ਹਮਲਾ ਦੇਖਣ ਵਿੱਚ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਅਤੇ ਸੈਨਿਕ ਸੁੰਡੀ ਕਣਕ ਦੀ ਫਸਲ ਦੇ ਮੁੱਖ ਕੀੜੇ ਨਹੀਂ ਹਨ ਪ੍ਰੰਤੂ ਬਿਜਾਈ ਦੀਆਂ ਤਕਨੀਕਾਂ ਅਤੇ ਮੌਸਮੀ ਤਬਦੀਲੀ ਦੇ ਚਲਦਿਆਂ, ਇਹ ਕੀੜੇ ਕੁਝ ਖੇਤਾਂ ਵਿੱਚ ਕਈ ਵਾਰ ਕਣਕ ਦੀ ਫਸਲ ਖਾਸ ਕਰਕੇ ਹੈਪੀ ਸੀਡਰ, ਸੁਪਰ ਸੀਡਰ ਜਾਂ ਮਲਚਿੰਗ ਵਿਧੀ ਨਾਲ ਬਜਾਈ ਕੀਤੀ ਹੋਵੇ ਤਾਂ ਹਮਲਾ ਕਰ ਦਿੰਦੇ ਹਨ। ਇਸ ਦੇ ਹਮਲੇ ਦੀ ਸੰਭਾਵਨਾ ਅਗੇਤੀ ਬੇਜਾਈ ਵਾਲੇ ਖੇਤਾਂ ਵਿੱਚ ਜ਼ਿਆਦਾ ਹੁੰਦੀ ਹੈ।