ਇਤਰਾਜ਼ਯੋਗ ਦ੍ਰਿਸ਼ ਮਾਮਲਾ: ਨੀਰੂ ਬਾਜਵਾ ਅਦਾਲਤ ਵਿੱਚ ਪੇਸ਼
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 18 ਮਾਰਚ
ਪੰਜਾਬੀ ਫਿਲਮ ‘ਬੂਹੇ ਬਾਰੀਆਂ’ ਵਿੱਚ ਫਿਲਮਾਏ ਗਏ ਇਤਰਾਜ਼ਯੋਗ ਦ੍ਰਿਸ਼ ਦੇ ਮਾਮਲੇ ਵਿੱਚ ਅਦਾਕਾਰਾ ਨੀਰੂ ਬਾਜਵਾ ਅੱਜ ਇਥੋਂ ਦੀ ਅਦਾਲਤ ਵਿੱਚ ਪੇਸ਼ੀ ਭੁਗਤਣ ਪੁੱਜੀ। ਇਸ ਤੋਂ ਪਹਿਲਾਂ ਨੀਰੂ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਮਾਮਲੇ ਵਿੱਚ ਨੀਰੂ ਬਾਜਵਾ, ਫਿਲਮ ਦੇ ਲੇਖਕ ਜਗਦੀਪ ਸਿੰਘ ਅਤੇ ਡਾਇਰੈਕਟਰ ਉਦੈ ਪ੍ਰਤਾਪ ਸਿੰਘ ਖ਼ਿਲਾਫ਼ ਥਾਣਾ ਵੇਰਕਾ ਦੀ ਪੁਲੀਸ ਵੱਲੋਂ 20 ਸਤੰਬਰ 2023 ਨੂੰ ਐਸਸੀ ਐਸਟੀ ਐਕਟ ਹੇਠ ਕੇਸ ਦਰਜ ਕੀਤਾ ਗਿਆ ਸੀ। ਸਿਮਰਨਜੀਤ ਕੌਰ ਨੇ ਇਸ ਸਬੰਧੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਫਿਲਮ ਵਿੱਚ ਗੁਰੂ ਰਵਿਦਾਸ ਬਾਰੇ ਇਤਰਾਜ਼ਯੋਗ ਦ੍ਰਿਸ਼ ਫਿਲਮਾਏ ਅਤੇ ਸ਼ਬਦ ਵਰਤੇ ਗਏ ਹਨ। ਪੁਲੀਸ ਨੇ ਜਾਂਚ ਬਾਅਦ ਤਿੰਨਾਂ ਖਿਲਾਫ ਕੇਸ ਦਰਜ ਕੀਤਾ ਸੀ। ਕੇਸ ਦੀ ਪੈਰਵੀ ਕਰ ਰਹੇ ਵਕੀਲ ਸੁਨੀਲ ਕੁਮਾਰ ਅਤੇ ਹੋਰਨਾਂ ਨੇ ਦੱਸਿਆ ਕਿ ਅੱਜ ਦੋਵਾਂ ਧਿਰਾਂ ਵਿਚਾਲੇ ਅਦਾਲਤ ਵਿੱਚ ਸਮਝੌਤਾ ਹੋ ਗਿਆ ਹੈ ਅਤੇ ਬਿਆਨ ਦਰਜ ਕੀਤੇ ਗਏ ਹਨ। ਸ਼ਿਕਾਇਤਕਰਤਾ ਧਿਰ ਵੱਲੋਂ ਮੁਆਫੀ ਮੰਗਣ ਦੀ ਸ਼ਰਤ ਰੱਖੀ ਗਈ ਸੀ ਜਿਸ ਨੂੰ ਦੂਜੀ ਧਿਰ ਨੇ ਮੰਨ ਲਿਆ ਹੈ।