ਮਾਂ ਦੇ ਕਿਰਦਾਰ ਦੀ ਹਮੇਸ਼ਾ ਵਡਿਆਈ ਦਿਖਾਉਣ ’ਤੇ ਵਿਦਿਆ ਨੂੰ ਇਤਰਾਜ਼
ਮੁੰਬਈ, 19 ਅਗਸਤ
ਭਾਰਤੀ ਸਿਨੇਮਾ ਵਿਚ ਹਮੇਸ਼ਾ ਤੋਂ ਹੀ ਮਾਵਾਂ ਦੇ ਕਿਰਦਾਰਾਂ ਦੀ ਵਡਿਆਈ ਦਿਖਾਉਣ ਉਤੇ ਇਤਰਾਜ਼ ਪ੍ਰਗਟ ਕਰਦਿਆਂ ਅਭਿਨੇਤਰੀ ਵਿਦਿਆ ਬਾਲਨ ਨੇ ਕਿਹਾ ਹੈ ਕਿ ਇਸ ਤਰ੍ਹਾਂ ਇਨ੍ਹਾਂ ਕਿਰਦਾਰਾਂ ਨੂੰ ਅਜਿਹੇ ਵਿਅਕਤੀਆਂ ਵਜੋਂ ਦਿਖਾਉਣਾ ਮੁਸ਼ਕਲ ਸਾਬਿਤ ਹੋਇਆ ਹੈ ਜਿਨ੍ਹਾਂ ਵਿਚ ਕਮੀਆਂ ਵੀ ਹੋ ਸਕਦੀਆਂ ਹਨ। ਹਾਲ ਹੀ ਵਿਚ ਰਿਲੀਜ਼ ਹੋਈ ਫ਼ਿਲਮ ‘ਸ਼ਕੁੰਤਲਾ ਦੇਵੀ’ ਵਿਚ ਬਾਲਨ ਗਣਿਤ ਮਾਹਿਰ ਦਾ ਕਿਰਦਾਰ ਨਿਭਾ ਰਹੀ ਹੈ ਜੋ ਕਿ ਆਪਣੀ ਧੀ ਅਨੁਪਮਾ ਬੈਨਰਜੀ ਲਈ ਮਾਂ ਵਜੋਂ ਸੰਪੂਰਨ ਤੌਰ ’ਤੇ ਜ਼ਿੰਮੇਵਾਰੀਆਂ ਅਦਾ ਨਹੀਂ ਕਰ ਪਾਉਂਦੀ।
ਬਾਲਨ ਨੇ ਕਿਹਾ ‘ਲੋਕ ਹੁਣ ਸਮਝ ਰਹੇ ਹਨ ਕਿ ਮਾਵਾਂ ਵੀ ਮਨੁੱਖ ਹੀ ਹਨ। ਮੇਰੇ ਇਕ ਮਿੱਤਰ ਨੇ ਮੈਨੂੰ ਲਿਖਿਆ ਕਿ ਉਸ ਨੇ ਆਪਣੀ ਮਾਂ ਨੂੰ ਹਮੇਸ਼ਾ ਮਾਂ ਵਜੋਂ ਹੀ ਲਿਆ, ਕਦੇ ਇਕ ਵਿਅਕਤੀ ਵਜੋਂ ਨਹੀਂ ਦੇਖਿਆ।’
ਵਿਦਿਆ ਨੇ ਕਿਹਾ ਕਿ ਉਸ ਨੂੰ ਪ੍ਰਸ਼ੰਸਾ ਨਾਲ ਭਰੇ ਲੰਮੇ ਸੁਨੇਹੇ ਮਿਲ ਰਹੇ ਹਨ। ਲੋਕ ਲਿਖ ਰਹੇ ਹਨ ਕਿ ਬੱਚੇ ਆਪਣੇ ਮਾਪਿਆਂ ਨੂੰ ਇੰਝ ਨਾ ਲੈਣ ਜਿਵੇਂ ਉਨ੍ਹਾਂ (ਮਾਪਿਆਂ) ਵਿਚ ਕੋਈ ਦੋਸ਼ ਹੋ ਹੀ ਨਹੀਂ ਸਕਦਾ। ‘ਸ਼ਕੁੰਤਲਾ ਦੇਵੀ’ ਨੂੰ ਅਨੂ ਮੈਨਨ ਨੇ ਨਿਰਦੇਸ਼ਿਤ ਕੀਤਾ ਹੈ। ਇਹ ਐਮਾਜ਼ੋਨ ਪ੍ਰਾਈਮ ਵੀਡੀਓ ਉਤੇ ਉਪਲੱਬਧ ਹੈ। -ਪੀਟੀਆਈ