ਓਬੀਸੀ ਆਗੂ ਰਾਜਭਰ ਐੱਨਡੀਏ ਵਿੱਚ ਸ਼ਾਮਲ
ਨਵੀਂ ਦਿੱਲੀ/ਲਖਨਊ, 16 ਜੁਲਾਈ
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਮਗਰੋਂ ਉੱਤਰ ਪ੍ਰਦੇਸ਼ ਦੇ ਓਬੀਸੀ ਆਗੂ ਓਮ ਪ੍ਰਕਾਸ਼ ਰਾਜਭਰ ਨੇ ਅੱਜ ਸੱਤਾਧਾਰੀ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ (ਐਨਡੀਏ) ਵਿੱਚ ਮੁੜ ਸ਼ਾਮਲ ਹੋਣ ਦਾ ਐਲਾਨ ਕੀਤਾ।
ਸ਼ਾਹ ਨੇ ਐਤਵਾਰ ਨੂੰ ਮੀਟਿੰਗ ਦੀ ਤਸਵੀਰ ਟਵੀਟ ਕੀਤੀ ਅਤੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਐਸਬੀਐਸਪੀ) ਦੇ ਸੰਸਥਾਪਕ ਤੇ ਆਗੂ ਦਾ ਐਨਡੀਏ ਵਿੱਚ ਸਵਾਗਤ ਕੀਤਾ। ਰਾਜਭਰ ਆਪਣੇ ਪੁੱਤਰ ਅਰਵਿੰਦ ਰਾਜਭਰ ਨਾਲ ਸ਼ਾਮਲ ਹੋਏ। ਓਪੀ ਰਾਜਭਰ ਨੇ ਕਿਹਾ ਕਿ ਦੋਵੇਂ ਪਾਰਟੀਆਂ ਰਲ ਕੇ 2024 ਦੀਆਂ ਲੋਕ ਸਭਾ ਚੋਣਾਂ ਲੜਨਗੀਆਂ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਾਹ ਸਣੇ ਹੋਰ ਸੀਨੀਅਰ ਭਾਜਪਾ ਆਗੂਆਂ ਦਾ ਧੰਨਵਾਦ ਕੀਤਾ। ਗ੍ਰਹਿ ਮੰਤਰੀ ਨੇ ਕਿਹਾ ਕਿ ਰਾਜਭਰ ਦੀ ਸ਼ਮੂਲੀਅਤ ਨਾਲ ਸੂਬੇ ਵਿੱਚ ਐਨਡੀਏ ਨੂੰ ਮਜ਼ਬੂਤੀ ਮਿਲੇਗੀ ਅਤੇ ਮੋਦੀ ਦੀ ਅਗਵਾਈ ਹੇਠ ਗ਼ਰੀਬਾਂ ਦੀ ਭਲਾਈ ਲਈ ਹੋਰ ਕਦਮ ਚੁੱਕੇ ਜਾਣਗੇ।
ਭਾਜਪਾ ਨਾਲ ਹੱਥ ਮਿਲਾਉਣ ਮਗਰੋਂ ਰਾਜਭਰ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਗੱਠਜੋੜ ਜਾਰੀ ਰੱਖਣ ’ਚ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਐਸਪੀ ਦੇ ਹੋਰ ਆਗੂ ਛੇਤੀ ਹੀ ਐਨਡੀਏ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਐਸਬੀਐਸਪੀ ਤੇ ਭਾਜਪਾ ਵੱਲੋਂ ਇਕੱਠਿਆਂ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ। ਸੀਟਾਂ ਦੀ ਵੰਡ ਬਾਰੇ ਫੈਸਲਾ 18 ਜੁਲਾਈ ਨੂੰ ਦਿੱਲੀ ਵਿੱਚ ਹੋ ਰਹੀ ਐਨਡੀਏ ਭਾਈਵਾਲਾਂ ਨਾਲ ਮੀਟਿੰਗ ਦੌਰਾਨ ਕੀਤਾ ਜਾਵੇਗਾ। -ਪੀਟੀਆਈ