ਸਹੁੰ ਚੁੱਕ ਸਮਾਗਮ: ਬਦਲਵੀਂ ਟਰੈਫਿਕ ਨੇ ਉਲਝਾਏ ਰਾਹਗੀਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਅਕਤੂਬਰ
ਸਨਅਤੀ ਸ਼ਹਿਰ ਵਿੱਚ ਸਹੁੰ ਚੁੱਕ ਸਮਾਗਮ ਦੌਰਾਨ ਵੀਆਈਪੀ ਦੀ ਸੁਰੱਖਿਆ ਤੇ ਆਓਭਗਤ ਵਿੱਚ ਲੱਗੀ ਪੁਲੀਸ ਕਾਰਨ ਸ਼ਹਿਰ ਦੇ ਲੋਕ ਪ੍ਰੇਸ਼ਾਨ ਹੁੰਦੇ ਰਹੇ। ਸ਼ਹਿਰ ਦੇ ਚੰਡੀਗੜ੍ਹ ਰੋਡ ’ਤੇ ਪੁਲੀਸ ਨੇ ਥਾਂ ਥਾਂ ਨਾਕਾਬੰਦੀ ਕੀਤੀ ਹੋਈ ਸੀ। ਸਵੇਰ ਤੋਂ ਹੀ ਚੰਡੀਗੜ੍ਹ ਰੋਡ ’ਤੇ ਸਿਰਫ਼ ਸਮਾਗਮ ਸਥਾਨ ਪਿੰਡ ਧਨਾਨਸੂ ਨੂੰ ਜਾਣ ਵਾਲੀ ਆਵਾਜਾਈ ਨੂੰ ਹੀ ਜਾਣ ਦਿੱਤਾ ਗਿਆ, ਬਾਕੀ ਵਾਹਨ ਬਦਲਵੇਂ ਰੂਟ ’ਤੇ ਪਾਏ ਗਏ, ਜਿਸ ਕਰਕੇ ਬਾਹਰੋਂ ਆਉਣ ਵਾਲੇ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਇਸ ਤੋਂ ਇਲਾਵਾ ਬੱਸ ਸਟੈਂਡ ਤੋਂ ਅੱਜ ਸਰਕਾਰੀ ਬੱਸਾਂ ਵੀ ਗਾਇਬ ਰਹੀਆਂ ਕਿਉਂਕਿ ਜ਼ਿਆਦਾਤਰ ਸਰਕਾਰੀ ਬੱਸਾਂ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਲੱਗੀਆਂ ਹੋਈਆਂ ਸਨ, ਜਿਸ ਕਰਕੇ ਬੱਸਾਂ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਹੋਈ। ਸ਼ੁੱਕਰਵਾਰ ਨੂੰ ਸਾਈਕਲ ਵੈਲੀ ਧਨਾਨਸੂ ਵਿੱਚ ਸਰਕਾਰ ਵੱਲੋਂ ਨਵੇਂ ਸਰਪੰਚਾਂ ਨੂੰ ਸਹੁੰ ਚੁਕਾਉਣ ਲਈ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਰਾਹਗੀਰਾਂ ਨੂੰ ਟਰੈਫਿਕ ਸਬੰਧੀ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਟਰੈਫਿਕ ਪੁਲੀਸ ਵੱਲੋਂ ਲੁਧਿਆਣਾ ਦੀ ਟਰੈਫਿਕ ਨੂੰ ਛੇ ਥਾਈਂ ਡਾਈਵਰਟ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਸਮਾਗਮ ਦੀ ਸ਼ੁਰੂਆਤ ਤੇ ਅੰਤ ਦੌਰਾਨ ਡਾਇਵਰਸ਼ਨ ਦੇ ਦੋ ਪੁਆਇੰਟ ਸਮਰਾਲਾ ਚੌਕ ਅਤੇ ਕੁਹਾੜਾ ਵਾਲੇ ਪਾਸੇ ਲੰਮਾ ਜਾਮ ਲੱਗਿਆ ਰਿਹਾ। ਹਾਲਾਂਕਿ ਟਰੈਫਿਕ ਸਹੀ ਢੰਗ ਨਾਲ ਚਲਾਉਣ ਲਈ ਪੁਲੀਸ ਨੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਤਾਇਨਾਤ ਕੀਤੇ ਸਨ ਪਰ ਕਈ ਥਾਵਾਂ ’ਤੇ ਕਾਫ਼ੀ ਲੰਬੇ ਜਾਮ ਲੱਗੇ। ਸਵੇਰੇ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਡਾਇਵਰਜ਼ਨ ਪੁਆਇੰਟ ਕੁਹਾੜਾ ਅਤੇ ਸਮਰਾਲਾ ਚੌਕ ’ਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਸਮਾਗਮ ’ਚ ਸ਼ਿਰਕਤ ਕਰਨ ਆ ਰਹੇ ਸਰਪੰਚ ਅਤੇ ‘ਆਪ’ ਵਰਕਰਾਂ ਦੇ ਨਾਲ ਹੋਰ ਰੂਟਾਂ ਨੂੰ ਜਾਣ ਵਾਲੇ ਵਾਹਨ ਚਾਲਕਾਂ ਦੀ ਪਛਾਣ ਕਰਨ ਲਈ ਨਾਕਾ ਲਾਇਆ ਹੋਇਆ ਸੀ, ਜਿਸ ਕਾਰਨ ਦੋਵੇਂ ਪਾਸੇ ਸੜਕਾਂ ’ਤੇ ਲੰਬੀਆਂ ਕਤਾਰਾਂ ਲੱਗ ਗਈਆਂ।