For the best experience, open
https://m.punjabitribuneonline.com
on your mobile browser.
Advertisement

ਐ ਵਾਰਿਸ ਸ਼ਾਹ ਦੇ ਵਾਰਸੋ..!

07:41 AM May 04, 2024 IST
ਐ ਵਾਰਿਸ ਸ਼ਾਹ ਦੇ ਵਾਰਸੋ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 3 ਮਈ
ਵਾਰਿਸ ਸ਼ਾਹ ਦੀ ਵੇਲ ਵਧੀ ਹੈ ਤੇ ਮਿਰਜ਼ਾ ਗ਼ਾਲਿਬ ਦਾ ਮਾਣ। ਸੁਰਗਾਂ ’ਚੋਂ ਖਿੜਕੀ ਖੋਲ੍ਹ ਵਾਰਿਸ ਨੇ ਜਦ ਪੰਜਾਬ ਚੋਣਾਂ ’ਚ ਸਿਆਸੀ ਮੁਰੀਦਾਂ ਵੱਲ ਤੱਕਿਆ ਤਾਂ ਉਸ ਨੇ ‘ਆਲ ਇੱਜ਼ ਵੈੱਲ ਆਖਿਆ। ਧੂਰੀ ਜੰਕਸ਼ਨ ਵਾਂਗ ਹੁਣ ਦਲਬੀਰ ਗੋਲਡੀ ਦੇ ਢੋਲ ਵੱਜੇ ਹਨ। ਗੋਲਡੀ ਨੂੰ ਪਹਿਲਾਂ ਕਵਿਤਾ ਫੁਰੀ- ‘ਸੋਚਦੇ ਹਾਂ ਇੱਕ ਨਵਾਂ, ਕੋਈ ਰਾਹ ਬਣਾ ਲਈਏ।’ ਏਨਾ ਆਖ, ਵੀਰ ਦਲਬੀਰ ‘ਆਪ’ ਤੋਂ ਪਰਨਾ ਪੁਆ ਇਨਕਲਾਬੀ ਸਜ ਗਏ। ਸੁਖਪਾਲ ਖਹਿਰਾ ਇਹੋ ਸੋਚਦੇ ਹੋਣਗੇ, ‘ਖੜ੍ਹੀ ’ਟੇਸ਼ਨ ’ਤੇ ਛੱਡ ਗਿਆ, ਆਪ ਤੂੰ ਗੱਡੀ ਚੜ੍ਹ ਗਿਆ ਵੇ।’
ਪਰਲੋਕ ’ਚ ਮਿਰਜ਼ਾ ਗ਼ਾਲਿਬ ਦਾ ਮੱਥਾ ਠਣਕਿਆ ਕਿ ਜਦੋਂ ਪੰਜਾਬ ਦਾ ਕੋਈ ਨੇਤਾ ਸ਼ਾਇਰੀ-ਸ਼ਾਇਰੀ ਮੂੰਹ ਮਾਰਨ ਲੱਗ ਜਾਵੇ ਤਾਂ ਸਮਝ ਲਓ ਕਿ ਦਲ ਛੱਡ ਕੇ ਭੱਜੂ। ਵੋਟਾਂ ਦੇ ਘੜਮੱਸ ’ਚ ਉਤਰੇ ਪੰਜਾਬ ਦੇ ਨੇਤਾ ਅਸਲ ’ਚ ਰੂਹ ਤੋਂ ਕਵੀ ਹਨ। ਫੈਮਿਲੀ ਪਲਾਨਿੰਗ ਦੇ ਦੌਰ ’ਚ ਨਿੱਤ ਰਚਨਾ ਜੰਮਣੀ ਸੌਖਾ ਕੰਮ ਨਹੀਂ। ਮਨਪ੍ਰੀਤ ਬਾਦਲ ਨੂੰ ਸੌ ਤੋਪਾਂ ਦੀ ਸਲਾਮੀ ਜਿਨ੍ਹਾਂ ਅਲਾਮਾ ਇਕਬਾਲ ਤੇ ਗ਼ਾਲਿਬ ਦੀ ਵਿਰਾਸਤ ਬਚਾਈ। ਉਨ੍ਹਾਂ ਵੀ ਤੁਰ ਫਿਰ ਕੇ ਹੀ ਮੇਲਾ ਵੇਖਿਆ ਹੈ।
ਨਵਜੋਤ ਸਿੱਧੂ ਦੀ ਕਵਿਤਾ ਖ਼ੁਦ ਹੁੱਜਾਂ ਮਾਰਦੀ ਹੈ। ਸ਼ੈਰੀ ਵੀ ਸ਼ਾਇਰੀ ਦੀ ਕਿੱਲੀ ਨੱਪੀ ਰੱਖਦਾ ਹੈ। ਪੰਜਾਬ ਦੇ ਇਨ੍ਹਾਂ ਸ਼ਾਇਰ ਲੀਡਰਾਂ ’ਤੇ ਲੱਛਮੀ ਮਾਈ ਵੀ ਖ਼ੁਸ਼ ਹੈ ਤੇ ਸਰਸਵਤੀ ਵੀ ਸਿਰ ਪਲੋਸਦੀ ਹੈ। ਅਸਲ ’ਚ ਦਲ-ਬਦਲੂ ਕੁਦਰਤ ਪ੍ਰੇਮੀ ਨੇ, ਜਿਵੇਂ ਮੌਸਮ ਬਦਲਦਾ ਹੈ ਉਵੇਂ ਇਹ ਦਲ ਬਦਲ ਲੈਂਦੇ ਹਨ। ਨਵਾਂ ਮੌਸਮ ਆਉਂਦਾ ਹੈ ਤਾਂ ਇਨ੍ਹਾਂ ਦੇ ਮਨ ਵਿੱਚ ਕਵਿਤਾਂ ਦੀਆਂ ਲਗਰਾਂ ਫੁੱਟਦੀਆਂ ਨੇ। ਸੁਨੀਲ ਜਾਖੜ ਵਿਅੰਗਮਈ ਕਲਮ ਚਲਾਉਂਦੇ ਨੇ। ਮੁੱਖ ਮੰਤਰੀ ਭਗਵੰਤ ਮਾਨ ਜ਼ਿਆਦਾ ਸੁਰਜੀਤ ਪਾਤਰ ਨੂੰ ਧਿਆਉਂਦੇ ਨੇ। ਸੁਖਬੀਰ ਬਾਦਲ ਨਾਲ ਸਰਸਵਤੀ ਦੀ ਅਣਬਣ ਹੈ। ਬਿਕਰਮ ਮਜੀਠੀਆ ਵਿਅੰਗ ਦਾ ਕੋਈ ਮੌਕਾ ਖੁੰਝਣ ਨਹੀਂ ਦਿੰਦਾ। ਪ੍ਰਤਾਪ ਬਾਜਵਾ ਵੀ ਗਾਹੇ-ਵਗਾਹੇ ਛੰਦ ਰਚਦੇ ਨੇ। ਜਗਮੀਤ ਬਰਾੜ ਤਾਂ ਵਾਰਿਸ ਦੇ ਟਕਸਾਲੀ ਚੇਲੇ ਜਾਪਦੇ ਨੇ ਜਿਨ੍ਹਾਂ ਦੇ ਬੋਝੇ ’ਚ ਵੋਟਾਂ ਘੱਟ ਤੇ ਬੁੱਧੀ ਜ਼ਿਆਦਾ ਰਹੀ ਹੈ।
ਸਿਆਸੀ ਨੇਤਾ ਅਸਾਂ ਨੂੰ ਤਾਂ ਵਾਰਿਸ ਸ਼ਾਹ ਦਾ ਰੂਹਾਨੀ ਐਡੀਸ਼ਨ ਹੀ ਜਾਪਦੇ ਨੇ। ਪੁਰਾਣੇ ਕਵੀ ਕਰਤਾਰ ਸਿੰਘ ‘ਸ਼ਮਸ਼ੇਰ’ ਦੀ ਤੁੱਕ ਹੈ, ‘ਆਹ ਲੈ ਚੱਕ ਧਲਿਆਰੇ ਤੇ ਸਾਂਭ ਭੂਰੀ, ਮੁੱਲ ਮਿਲ ਗਿਆ ਮੱਝੀਆਂ ਚਾਰੀਆਂ ਦਾ।’ ਦਲਬੀਰ ਗੋਲਡੀ ਨੇ ਕਾਂਗਰਸੀ ਧਲਿਆਰੇ ਵਗਾਂਹ ਮਾਰੇ। ਸੁਖਪਾਲ ਖਹਿਰਾ ਕਾਹਲੇ ਪੈ ਜਾਂਦੇ ਨੇ, ਕੌਨਵੈਂਟੀ ਤੁਕਬੰਦੀ ਕਰਦੇ ਨੇ। ਕਬੀਰ ਦਾ ਦੋਹਾ ਚੇਤੇ ਆਇਆ, ‘ਧੀਰੇ ਧੀਰੇ ਰੇ ਮਨਾ, ਧੀਰੇ ਸਬ ਕੁਛ ਹੋਏ, ਮਾਲੀ ਸੀਂਚੇ ਸੌ ਘੜਾ, ਰਿਤੂ ਆਏ ਫ਼ਲ ਹੋਏ’। ਖਹਿਰਾ ਰੂਪੀ ਦਰੱਖ਼ਤ ਨੂੰ ਬਠਿੰਡਾ ਚੋਣ ’ਚ ਤਾਂ ਬੂਰ ਨਹੀਂ ਪਿਆ ਸੀ, ਸੰਗਰੂਰ ਦੇਖਦੇ ਹਾਂ..!
ਪੰਜਾਬ ਦੇ ਮੌਸਮਵਾਦੀ ਨੇਤਾ ਹੁਣ ਮਾਣ ਦਾ ਪ੍ਰਤੀਕ ਨੇ। ਭਵਿੱਖ ਦੀ ਲੋਕ ਬੋਲੀ ਹੋਵੇਗੀ ‘ਉਹਦੇ ਘਰ ਕੀ ਵਸਣਾ, ਜੀਹਨੇ ਦਲ ਬਦਲੀ ਨਾ ਕੀਤੀ।’ ਹੰਸ ਰਾਜ ਹੰਸ, ਉਹ ਫੱਕਰ ਬੰਦਾ ਬੁਰੇ ਦਾ ਘਰ ਤੱਕ ਗਿਆ। ਸੁਰ ਤਾਂ ਖ਼ੁਦ ਲਾਉਂਦੇ ਹਨ, ਤਾਲ ਕਿਸਾਨ ਠੋਕਦੇ ਨੇ। ਚਰਨਜੀਤ ਚੰਨੀ ਦੀ ਸ਼ਾਇਰੀ ਵੀ ਬੱਕਰੀ ਦੇ ਦੁੱਧ ਵਰਗੀ ਐ। ਦਲ-ਬਦਲੂਆਂ ਦਾ ਭਰਿਆ ਮੇਲਾ ਦੇਖ ਜਾਪਦਾ ਹੈ ਕਿ ‘ਛੱਜਾਂ ਵਾਲਿਆਂ ਨੂੰ ਤੀਲੀਆਂ ਵਾਲੇ ਮਿਲ ਹੀ ਜਾਂਦੇ ਨੇ।’ ਸਭ ਨਜ਼ਾਰਾ ਵੇਖ ਵਾਰਿਸ ਸ਼ਾਹ ਤੇ ਗਾਲਿਬ ਹੱਥ ’ਤੇ ਹੱਥ ਮਾਰ ਹੱਸੇ ਹੋਣਗੇ ਕਿ ਚਲੋ ਸਾਡੀ ਸ਼ਾਇਰੀ ਨੂੰ ਤਾਂ ਬੂਰ ਪੈਣ ਲੱਗਿਆ।

Advertisement

Advertisement
Author Image

joginder kumar

View all posts

Advertisement
Advertisement
×