ਨਰਸਾਂ ਨੇ ਧਰਨੇ ’ਚ ਹੀ ਮਨਾਈ ਕਾਲੀ ਦੀਵਾਲੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 13 ਨਵੰਬਰ
ਪੀ.ਜੀ.ਆਈ. ਘਾਬਦਾਂ ਵਿੱਚ ਨੌਕਰੀ ਤੋਂ ਫਾਰਗ ਕੀਤੀਆਂ ਅਤੇ ਆਪਣੀ ਨੌਕਰੀ ਦੀ ਮੁੜ ਬਹਾਲੀ ਲਈ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਪੀਜੀਆਈ ਘਾਬਦਾਂ ਦੇ ਮੁੱਖ ਗੇਟ ਅੱਗੇ ਪੱਕੇ ਮੋਰਚੇ ’ਤੇ ਡਟੀਆਂ ਪ੍ਰਦਰਸ਼ਨਕਾਰੀ ਨਰਸਾਂ ਵੱਲੋਂ ਧਰਨੇ ਦੌਰਾਨ ਹੀ ਕਾਲੀ ਦੀਵਾਲੀ ਮਨਾਈ ਗਈ। ਦੀਵਾਲੀ ਦੇ ਤਿਉਹਾਰ ਮੌਕੇ ਨਰਸਾਂ ਦੇ ਬੱਚੇ ਵੀ ਪੁੱਜੇ ਹੋਏ ਸਨ। ਧਰਨੇ ਦੌਰਾਨ ਹੀ ਪ੍ਰਦਰਸ਼ਨਕਾਰੀ ਨਰਸਾਂ ਨੇ ਪੀਜੀਆਈ ਘਾਬਦਾਂ ਦੇ ਮੁੱਖ ਗੇਟ ਅੱਗੇ ਦੀਵਾਲੀ ਦੀ ਪੂਜਾ ਕੀਤੀ ਅਤੇ ਆਪਣੇ ਬੱਚਿਆਂ ਸਮੇਤ ਮੋਮਬੱਤੀਆਂ ਜਗਾਈਆਂ।
ਪ੍ਰਦਰਸ਼ਨਕਾਰੀ ਨਰਸਾਂ ਦੀ ਅਗਵਾਈ ਕਰ ਰਹੇ ਨਿੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਤਿਉਹਾਰ ਧਰਨੇ ਦੌਰਾਨ ਹੀ ਲੰਘ ਰਹੇ ਹਨ ਕਿਉਂਕਿ ਉਹ ਪਿਛਲੇ ਕਰੀਬ 65 ਦਿਨਾਂ ਤੋਂ ਪੱਕੇ ਰੋਸ ਧਰਨੇ ’ਤੇ ਡਟੀਆਂ ਹੋਈਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ‘ਕਰਵਾ ਚੌਥ’ ਦਾ ਵਰਤ ਵੀ ਨਰਸਿੰਗ ਲੜਕੀਆਂ ਨੇ ਧਰਨੇ ਦੌਰਾਨ ਹੀ ਰੱਖਿਆ। ਦਸਹਿਰੇ ਦਾ ਤਿਉਹਾਰ ਵੀ ਧਰਨੇ ਦੌਰਾਨ ਹੀ ਲੰਘਿਆ ਹੈ। ਹੁਣ ਧਰਨੇ ਦੌਰਾਨ ਹੀ ਕਾਲੀ ਦੀਵਾਲੀ ਮਨਾ ਕੇ ਉਹ ਪੀਜੀਆਈ ਮੈਨੇਜਮੈਂਟ ਅਤੇ ਕੇਂਦਰ ਸਰਕਾਰ ਨੂੰ ਇਹ ਸੁਨੇਹਾ ਦੇ ਰਹੇ ਹਨ ਕਿ ਉਨ੍ਹਾਂ ਨੂੰ ਮੁੜ ਨੌਕਰੀ ’ਤੇ ਬਹਾਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਹ ਕਰੀਬ ਦੋ ਸਾਲ ਤੋਂ ਵੱਧ ਸਮੇਂ ਤੋਂ ਪੀਜੀਆਈ ਘਾਬਦਾਂ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਸੀ ਪਰ ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕਰਕੇ ਹੋਰ ਰਾਜਾਂ ਦੇ ਉਮੀਦਵਾਰਾਂ ਨੂੰ ਭਰਤੀ ਕਰ ਲਿਆ ਹੈ ਜੋ ਵਿਤਕਰੇਬਾਜ਼ੀ ਅਤੇ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਲੋਕ ਖੁਸ਼ੀਆਂ ਨਾਲ ਦੀਵਾਲੀ ਮਨਾ ਰਹੇ ਹਨ ਪਰ ਰੁਜ਼ਗਾਰ ਖੋਹ ਲਏ ਜਾਣ ਕਾਰਨ ਉਨ੍ਹਾਂ ਦੇ ਘਰ ਖੁਸ਼ੀਆਂ ਦੀ ਦੀਵਾਲੀ ਨਹੀਂ ਸਗੋਂ ਗਮਗੀਨ ਮਾਹੌਲ ਹੈ ਜਿਸ ਕਾਰਨ ਹੀ ਉਹ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹਨ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਨੌਕਰੀ ’ਤੇ ਮੁੜ ਬਹਾਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਪੱਕੇ ਮੋਰਚੇ ਦਾ ਸੰਘਰਸ਼ ਜਾਰੀ ਰਹੇਗਾ ਅਤੇ ਹੋਰ ਵੀ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।