ਸੜਕ ਹਾਦਸੇ ਵਿੱਚ ਨਰਸ ਹਲਾਕ, ਦੂਜੀ ਜ਼ਖ਼ਮੀ
ਕਰਮਜੀਤ ਸਿੰਘ ਚਿੱਲਾ
ਬਨੂੜ, 27 ਜੂਨ
ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ‘ਤੇ ਪੈਂਦੇ ਪਿੰਡ ਖਲੌਰ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਨਰਸ ਦੀ ਮੌਤ ਹੋ ਗਈ, ਜਦੋਂਕਿ ਦੂਜੀ ਜ਼ਖ਼ਮੀ ਹੋ ਗਈ। ਤੇਜ਼ ਰਫ਼ਤਾਰ ਟਾਟਾ-407 ਨੇ ਉਨ੍ਹਾਂ ਦੀ ਐਕਟਿਵਾ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿੱਚ ਦੋਵੇਂ ਏਐੱਨਐੱਮਜ਼ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਵਿੱਚੋਂ ਇੱਕ ਨੇ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕ ਨਰਸ ਦੀ ਪਛਾਣ ਬੇਅੰਤ ਕੌਰ ਵਜੋਂ ਹੋਈ ਹੈ।
ਉਹ ਪਿਛਲੇ 14 ਸਾਲਾਂ ਤੋਂ ਸਬ-ਸੈਂਟਰ ਕਰਾਲਾ ਵਿੱਚ ਠੇਕੇ ‘ਤੇ ਆਪਣੀਆਂ ਸੇਵਾਵਾਂ ਨਿਭਾਅ ਰਹੀ ਸੀ। ਏਐੱਨਐੱਮ ਦੀਕਸ਼ਾ ਸ਼ਰਮਾ ਜ਼ੇਰੇ ਇਲਾਜ ਹੈ। ਉਹ ਸਬ-ਸੈਂਟਰ ਜੰਗਪੁਰਾ ਵਿੱਚ ਤਾਇਨਾਤ ਹੈ। ਬੇਅੰਤ ਕੌਰ ਦੀ ਮੌਤ ਨਾਲ ਸਮੁੱਚੇ ਖੇਤਰ, ਆਸ਼ਾ ਵਰਕਰਾਂ ਤੇ ਸਿਹਤ ਕਰਮੀਆਂ ਵਿੱਚ ਸੋਗ ਦੀ ਲਹਿਰ ਛਾਅ ਗਈ ਹੈ। ਬੇਅੰਤ ਕੌਰ ਆਪਣੇ ਪਿੱਛੇ ਪਤੀ ਤੋਂ ਇਲਾਵਾ ਸੱਤ ਸਾਲ ਦਾ ਬੇਟਾ ਛੱਡ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਏਐਨਐਮਜ਼ ਆਪਣੀ ਐਕਟਿਵਾ ਉੱਤੇ ਪਿੰਡ ਖਲੌਰ ਅਤੇ ਸਬੰਧਿਤ ਖੇਤਰ ਵਿਖੇ ਭੱਠਿਆਂ ਤੇ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਟੀਕਾਕਰਨ ਕਰਨ ਲਈ ਜਾ ਰਹੀਆਂ ਸਨ। ਡਾਕ ਪਾਰਸਲ ਵਾਲੀ ਟਾਟਾ-407 ਗੱਡੀ ਨੇ ਉਨ੍ਹਾਂ ਨੂੰ ਖਲੌਰ ਦੇ ਪੈਟਰੋਲ ਪੰਪ ਸਾਹਮਣੇ ਪਿੱਛਿਉਂ ਟੱਕਰ ਮਾਰੀ। ਰਾਹਗੀਰਾਂ ਨੇ ਦੋਵਾਂ ਨੂੰ ਬਨੂੜ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੂੰ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ। ਬੇਅੰਤ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ। ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਜਸਵਿੰਦਰ ਪਾਲ ਨੇ ਦੱਸਿਆ ਕਿ ਮ੍ਰਿਤਕ ਬੇਅੰਤ ਕੌਰ ਦੇ ਪਤੀ ਦਵਿੰਦਰ ਸਿੰਘ ਦੇ ਬਿਆਨ ਦੇ ਆਧਾਰ ‘ਤੇ ਡਾਕ ਪਾਰਸਲ ਵਾਲੀ ਗੱਡੀ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
14 ਸਾਲਾਂ ਤੋਂ ਠੇਕੇ ‘ਤੇ ਕੰਮ ਕਰ ਰਹੀ ਸੀ ਬੇਅੰਤ ਕੌਰ
ਬੇਅੰਤ ਕੌਰ ਸਿਹਤ ਵਿਭਾਗ ਐੱਨਆਰਐੱਚਐੱਮ ਵਿੱਚ 14 ਸਾਲਾਂ ਤੋਂ ਕੰਟਰੈਕਟ ਉੱਤੇ ਸੇਵਾ ਨਿਭਾਅ ਰਹੀ ਸੀ। ਸਮੇਂ-ਸਮੇਂ ਬਦਲਦੀਆਂ ਸਰਕਾਰਾਂ ਨੇ ਏਐੱਨਐਮਜ਼ ਨੂੰ ਪੱਕਾ ਕਰਨ ਦੇ ਕੀਤੇ ਵਾਅਦੇ ਪੂਰੇ ਨਾ ਕੀਤੇ ਜਾਣ ਕਾਰਨ ਉਹ ਬਿਨਾਂ ਪੱਕੇ ਹੋਇਆਂ ਹੀ ਸੰਸਾਰ ਨੂੰ ਅਲਵਿਦਾ ਆਖ ਗਈ। ਇਨ੍ਹਾਂ ਕੱਚੀਆਂ ਨਰਸਾਂ ਨੂੰ ਵਰ੍ਹਿਆਂ ਤੋਂ ਪੇਂਡੂ ਖੇਤਰ ਵਿੱਚ ਸਮੁੱਚੀਆਂ ਸੇਵਾਵਾਂ ਨਿਭਾਉਣ ਦੇ ਬਾਵਜੂਦ ਕੋਈ ਵੀ ਰਿਸਕ ਕਵਰ ਤੇ ਬੀਮੇ ਦੀ ਕੋਈ ਵਿਭਾਗੀ ਸਹੂਲਤ ਉਪਲਬੱਧ ਨਹੀਂ ਕਰਵਾਈ ਗਈ, ਜਿਸ ਕਾਰਨ ਸਮੁੱਚੀਆਂ ਏਐੱਨਐੱਮਜ਼ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।