ਗਰਮੀ ਕਾਰਨ ਬਾਜ਼ਾਰਾਂ ’ਚ ਸੁੰਨ ਪੱਸਰੀ; ਕਾਰੋਬਾਰ ਪ੍ਰਭਾਵਿਤ
ਰਾਮ ਗੋਪਾਲ ਰਾਏਕੋਟੀ
ਰਾਏਕੋਟ, 24 ਜੂਨ
ਪਿਛਲੇ ਕੁੱਝ ਦਿਨਾਂ ਤੋਂ ਨਾ-ਸਹਿਣਯੋਗ ਗਰਮੀ ਪੈ ਰਹੀ ਹੈ। ਇਸ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਘਰਾਂ ‘ਚੋਂ ਬਾਹਰ ਨਿਕਲਣਾ ਦੁਭੱਰ ਕਰ ਦਿੱਤਾ ਹੈ। ਅੱਜ ਕੱਲ ਪਾਰਾ ਭਾਵੇਂ 39-40 ਡਿਗਰੀ ਸੈਲਸੀਅਸ ਹੀ ਹੈ ਪ੍ਰੰਤੂ ਮਹਿਸੂਸ ਇੰਝ ਹੋ ਰਿਹਾ ਹੈ ਜਿਵੇਂ ਪਾਰਾ 46-47 ਡਿਗਰੀ ਹੋਵੇ। ਇਸ ਕਾਰਨ ਲੋਕਾਂ ਦਾ ਘਰਾਂ ‘ਚੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ ਤੇ ਬਾਜ਼ਾਰਾਂ ‘ਚ ਸੁੰਨ ਪੱਸਰੀ ਹੋਈ ਹੈ। ਦੁਕਾਨਦਾਰ ਤੇ ਕਾਰੋਬਾਰੀ ਅਤਿ ਦੀ ਗਰਮੀ ਕਾਰਨ ਮੰਦੀ ਦੀ ਮਾਰ ਝੱਲ ਰਹੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ ਅੱਜ ਹਵਾ ਵਿੱਚ ਨਮੀਂ ਦੀ ਮਾਤਰਾ 81 ਫੀਸਦੀ ਤੋਂ ਉੱਪਰ ਸੀ, ਜਿਸ ਕਾਰਨ ਵੱਧ ਗਰਮੀ ਮਹਿਸੂਸ ਹੋ ਰਹੀ ਹੈ।ਇਸ ਹੁੰਮਸ ਭਰੀ ਗਰਮੀ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਲੋਕਾਂ ਦੇ ਰੋਜ਼ਾਨਾਂ ਦੇ ਕੰਮ- ਕਾਰ ਪ੍ਰਭਾਵਿਤ ਹੋ ਰਹੇ ਹਨ। ਬਾਜ਼ਾਰਾਂ ‘ਚ ਕਰਫਿਊ ਵਰਗੀ ਸਥਿਤੀ ਬਣੀ ਹੋਈ ਹੈ, ਗਾਹਕ ਨਾ ਹੋਣ ਕਰ ਕੇ ਦੁਕਾਨਦਾਰ ਮੰਦੀ ਦੀ ਮਾਰ ਝੱਲ ਰਹੇ ਹਨ। ਚਮੜੀ, ਸਾਹ ਤੇ ਦਮ ਘੁਟਣ ਵਰਗੀਆਂ ਬਿਮਾਰੀਆਂ ‘ਚ ਵਾਧਾ ਹੋ ਰਿਹਾ ਹੈ। ਇਸ ਅੰਤ ਦੀ ਗਰਮੀ ਨਾਲ ਹਰੇ ਚਾਰੇ ਦੀ ਫਸਲ ਕਾਫੀ ਪ੍ਰਭਾਵਿਤ ਹੋਈ ਹੈ। ਆਮ ਤੌਰ ‘ਤੇ ਦੇਖਿਆ ਜਾਵੇ ਤਾਂ ਹਰ ਕੋਈ ਇਸ ਅੰਤ ਦੀ ਗਰਮੀ ਤੋਂ ਦੁਖੀ ਹੈ। ਤਪਸ਼ ਦਾ ਪ੍ਰਭਾਵ ਸ਼ਾਮ 6 ਵਜੇ ਤੱਕ ਵੀ ਮੱਠਾ ਨਹੀਂ ਪੈਂਦਾ ਜਿਸ ਕਾਰਨ ਲੋਕਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ। ਰਾਏਕੋਟ ਕਰਿਆਨਾ ਯੂਨੀਅਨ ਦੇ ਚੇਅਰਮੈਨ ਅਵੰਤ ਜੈਨ ਤੇ ਕਾਰੋਬਾਰੀ ਵਿਨੋਦ ਜੈਨ ਨੇ ਕਿਹਾ ਕਿ ਅੱਤ ਦੀ ਗਰਮੀ ਕਾਰਨ ਉਨ੍ਹਾਂ ਦਾ ਕਾਰੋਬਾਰ ਇਕ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਿਆ ਹੈ।