ਨੂਹ ਹਿੰਸਾ: ਪੁਲੀਸ ਨੇ ਫਲੈਗ ਮਾਰਚ ਕੱਢਿਆ
ਪੱਤਰ ਪ੍ਰੇਰਕ
ਫਰੀਦਾਬਾਦ, 1 ਅਗਸਤ
ਨੂਹ ਵਿੱਚ ਹੋਈ ਹਿੰਸਾ ਮਗਰੋਂ ਇਸ ਸਨਅਤੀ ਜ਼ਿਲ੍ਹੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਧਾਰਾ 144 ਲਾਈ ਗਈ ਹੈ ਤੇ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ ਰੱਖੀਆਂ ਗਈਆਂ ਹਨ। ਬੀਤੇ ਦਿਨੀਂ ਹਿੰਸਾ ਤੇ ਅਗਜਨੀ ਦੀਆਂ ਘਟਨਾਵਾਂ ਮਗਰੋਂ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਇਸ ਖਿੱਤੇ ਦੇ ਮੁਸਲਿਮ ਬਹੁਗਿਣਤੀ ਪਿੰਡਾਂ ’ਚੋਂ ਦੀ ਫਲੈਗ ਮਾਰਚ ਕੱਢਿਆ ਗਿਆ। ਪੁਲੀਸ ਵੱਲੋਂ ਹਾਲਾਤ ਉਪਰ ਚੌਕਸੀ ਵਰਤੀ ਜਾ ਰਹੀ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਪੁਲੀਸ ਕਮਿਸ਼ਨਰ ਵਿਕਾਸ ਅਰੋੜਾ ਨੇ ਟੈਲੀਕਾਨਫਰੰਸਿੰਗ ਰਾਹੀਂ ਸਾਰੇ ਡੀਸੀਪੀ, ਏਸੀਪੀ, ਕ੍ਰਾਈਮ ਬ੍ਰਾਂਚ ਅਤੇ ਸਟੇਸ਼ਨ ਮੈਨੇਜਰ ਚੌਕੀ ਇੰਚਾਰਜਾਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਹਨ ਕਿ ਧਾਰਮਿਕ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ 5 ਜਾਂ 5 ਤੋਂ ਵੱਧ ਵਿਅਕਤੀ ਕਿਸੇ ਮਕਸਦ ਲਈ ਇਕੱਠੇ ਨਹੀਂ ਹੋ ਸਕਦੇ ਹਨ ਜਾਂ ਕਿਸੇ ਸੰਗਠਨ, ਜਾਤ, ਧਰਮ, ਭਾਈਚਾਰੇ ਦੇ ਖ਼ਿਲਾਫ਼ ਵਿਰੋਧ ਨਹੀਂ ਕਰ ਸਕਦੇ ਤੇ ਨਾ ਹੀ ਕੋਈ ਮੀਟਿੰਗ, ਨਾਅਰੇ ਲਗਾ ਸਕਦੇ ਹਨ। ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਾਂ ’ਤੇ ਪੁਲੀਸ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਫਰੀਦਾਬਾਦ ਦੇ ਕੁਝ ਸਮਾਜ ਵਿਰੋਧੀ ਅਨਸਰ ਮੋਬਾਈਲ ਤੋਂ ਇਧਰ-ਉਧਰ ਗਲਤ ਮੈਸੇਜ ਫਾਰਵਰਡ ਕਰ ਰਹੇ ਸਨ, ਜਿਸ ਕਾਰਨ ਪੁਲੀਸ ਉਨ੍ਹਾਂ ’ਤੇ ਨਜ਼ਰ ਰੱਖ ਰਹੀ ਤੇ ਉਹ ਪੁਲੀਸ ਦੇ ਰਾਡਾਰ ’ਤੇ ਹਨ। ਪੁਲੀਸ ਨੇ ਅਜਿਹੇ ਕੁਝ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਹੈ। ਫਰੀਦਾਬਾਦ ’ਚ ਏਸੀਪੀਜ਼ ਨੂੰ 24 ਘੰਟੇ ਮੁਹੱਈਆ ਰਹਿਣ ਦੀ ਹਦਾਇਤ ਕੀਤੀ ਗਈ ਹੈ। ਉਹ ਗਸ਼ਤ ਜਾਰੀ ਰੱਖਣਗੇ ਤੇ 8-8 ਘੰਟੇ ਦੀ ਸ਼ਿਫਟ ਲਗਾਉਣਗੇ। ਅਪਰਾਧ ਸ਼ਾਖਾ ਸ਼ੱਕੀਆਂ ’ਤੇ ਨਜ਼ਰ ਰੱਖ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤੇ ਗਏ ਹਨ।
ਪੁਲੀਸ ਕਮਿਸ਼ਨਰ ਨੇ ਦੁਪਹਿਰ 1 ਵਜੇ ਦਫ਼ਤਰ ਤੋਂ ਫਲੈਗ ਮਾਰਚ ਦੀ ਅਗਵਾਈ ਕੀਤੀ, ਜੋ ਕਿ ਅਣਖੀਰ ਚੌਕੀ, ਬੜਖਲ੍ਹ ਪਿੰਡ, ਸੈਨਿਕਾਂ ਕਲੋਨੀ ਮੋੜ, ਭਾਖੜੀ ਪਿੰਡ, ਪਾਲੀ ਪਿੰਡ ਵਾਇਆ ਧੌਜ ਪਿੰਡ, ਸਮੈਪੁਰ ਗਾਉਚੀ ਅਤੇ ਸੈਕਟਰ 58, ਮਥੁਰਾ ਰੋਡ, ਬੱਲਭਗੜ੍ਹ ਮੈਟਰੋ ਰੇਲਵੇ ਸਟੇਸ਼ਨ, ਬੱਲਭਗੜ੍ਹ ਸਿਟੀ, ਸੈਕਟਰ 3, ਸੈਕਟਰ 7, ਸੈਕਟਰ 12 ਤੋਂ ਹੁੰਦਾ ਹੋਇਆ ਵਾਪਸ ਪੁਲੀਸ ਕਮਿਸ਼ਨਰ ਦਫ਼ਤਰ ਪਹੁੰਚਿਆ। ਫਲੈਗ ਮਾਰਚ ਵਿੱਚ ਰੂਟ ਦੇ ਸਾਰੇ ਸਟੇਸ਼ਨ ਮੈਨੇਜਰ, ਏਸੀਪੀ ਸਾਹਿਬ, ਡੀਸੀਪੀ ਸਾਹਿਬ ਸ਼ਾਮਲ ਸਨ।