ਅਗਲੇ ਸਾਲ ਤੋਂ ਕੋਈ ਭਰਤੀ ਪ੍ਰੀਖਿਆ ਨਹੀਂ ਲਵੇਗੀ ਐੱਨਟੀਏ: ਪ੍ਰਧਾਨ
- ਐੱਨਟੀਏ ਸਿਰਫ਼ ਉੱਚ ਸਿੱਖਿਆ ਦਾਖਲਾ ਪ੍ਰੀਖਿਆਵਾਂ ਵੱਲ ਦੇਵੇਗੀ ਧਿਆਨ
- ਨੀਟ ਪ੍ਰੀਖਿਆ ਲੈਣ ਦੇ ਢੰਗ ਬਾਰੇ ਫ਼ੈਸਲਾ ਜਲਦੀ ਹੋਣ ਦੀ ਆਸ ਜਤਾਈ
- ਸਾਲ ’ਚ ਇੱਕ ਵਾਰ ਹੀ ਹੋਵੇਗੀ (ਸੀਯੂਈਟੀ)-ਯੂਜੀ ਪ੍ਰੀਖਿਆ
ਨਵੀਂ ਦਿੱਲੀ, 17 ਦਸੰਬਰ
ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) 2025 ਤੋਂ ਕੋਈ ਵੀ ਭਰਤੀ ਪ੍ਰੀਖਿਆ ਨਹੀਂ ਕਰਾਏਗੀ ਅਤੇ ਸਿਰਫ਼ ਉੱਚ ਸਿੱਖਿਆ ਦਾਖਲਾ ਪ੍ਰੀਖਿਆਵਾਂ ’ਤੇ ਧਿਆਨ ਕੇਂਦਰਿਤ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਿਆ ਤੇ ਸਿਹਤ ਮੰਤਰਾਲਾ ਇਸ ਗੱਲ ’ਤੇ ਵਿਚਾਰ ਕਰ ਰਹੇ ਹਨ ਕਿ ਮੈਡੀਕਲ ਕੋਰਸਾਂ ’ਚ ਦਾਖਲੇ ਲਈ ਹੋਣ ਵਾਲੀ ਨੀਟ-ਯੂਜੀ ਰਵਾਇਤੀ ‘ਪੈਨ ਤੇ ਪੇਪਰ ਮੋਡ’ ਵਿੱਚ ਲਈ ਜਾਵੇ ਜਾਂ ਫਿਰ ਆਨਲਾਈਨ ਮੋਡ ਵਿੱਚ ਅਤੇ ਇਸ ਸਬੰਧੀ ਫ਼ੈਸਲਾ ਜਲਦੀ ਹੋਣ ਦੀ ਉਮੀਦ ਹੈ। ਨੀਟ ਦੇ ਪੇਪਰ ਕਥਿਤ ਤੌਰ ’ਤੇ ਲੀਕ ਹੋਣ ਅਤੇ ਹੋਰ ਬੇਨੇਮੀਆਂ ਕਾਰਨ ਕਈ ਪ੍ਰੀਖਿਆਵਾਂ ਰੱਦ ਕੀਤੇ ਜਾਣ ਮਗਰੋਂ ਇਸ ਸਾਲ ਦੀ ਸ਼ੁਰੂਆਤ ’ਚ ਗਠਿਤ ਉੱਚ ਪੱਧਰੀ ਕਮੇਟੀ ਨੇ ਪ੍ਰੀਖਿਆ ਸੁਧਾਰਾਂ ਲਈ ਸੁਝਾਅ ਦਿੱਤੇ ਸਨ ਜਿਸ ਦੇ ਆਧਾਰ ’ਤੇ ਇਹ ਕਦਮ ਚੁੱਕਿਆ ਗਿਆ ਹੈ।
ਸਿੱਖਿਆ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ, ‘ਐੱਨਟੀਏ ਸਿਰਫ਼ ਉੱਚ ਸਿੱਖਿਆ ਲਈ ਦਾਖਲਾ ਪ੍ਰੀਖਿਆ ਕਰਾਉਣ ਤੱਕ ਸੀਮਤ ਰਹੇਗੀ ਅਤੇ ਅਗਲੇ ਸਾਲ ਤੋਂ ਕੋਈ ਵੀ ਭਰਤੀ ਪ੍ਰੀਖਿਆ ਨਹੀਂ ਕਰਾਏਗੀ।’ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਾਂਝੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀਯੂਈਟੀ)-ਯੂਜੀ ਸਾਲ ’ਚ ਸਿਰਫ਼ ਇੱਕ ਵਾਰ ਹੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ, ‘ਸਰਕਾਰ ਭਵਿੱਖ ’ਚ ਤਕਨੀਕ ਦੀ ਵਰਤੋਂ ਕਰਦਿਆਂ ਕੰਪਿਊਟਰ ਆਧਾਰਿਤ ਦਾਖਲਾ ਪ੍ਰੀਖਿਆ ਕਰਾਉਣ ’ਤੇ ਵਿਚਾਰ ਕਰ ਰਹੀ ਹੈ।’ ਉਨ੍ਹਾਂ ਕਿਹਾ ਕਿ 2025 ’ਚ ਐੱਨਟੀਏ ਦਾ ਪੁਨਰ ਗਠਨ ਕੀਤਾ ਜਾਵੇਗਾ ਅਤੇ ਨਵੀਆਂ ਅਸਾਮੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, ‘ਅਸੀਂ ਸਿਹਤ ਮੰਤਰਾਲੇ ਨਾਲ ਗੱਲ ਕਰ ਰਹੇ ਹਾਂ ਕਿ ਨੀਟ ‘ਪੈਨ ਅਤੇ ਪੇਪਰ ਮੋਡ’ ’ਚ ਲਈ ਜਾਣੀ ਚਾਹੀਦੀ ਹੈ ਜਾਂ ਫਿਰ ‘ਆਨਲਾਈਨ ਮੋਡ’ ਵਿੱਚ। ਜੇਪੀ ਨੱਢਾ ਦੀ ਅਗਵਾਈ ਹੇਠਲੇ ਸਿਹਤ ਮੰਤਰਾਲੇ ਨਾਲ ਸਾਡੀ ਦੋ ਦੌਰ ਦੀ ਗੱਲਬਾਤ ਹੋਈ ਹੈ। ਪ੍ਰੀਖਿਆ ਲਈ ਜੋ ਵੀ ਬਦਲ ਸਭ ਤੋਂ ਢੁੱਕਵਾਂ ਮੰਨਿਆ ਜਾਵੇਗਾ, ਐੱਨਟੀਏ ਉਸ ਨੂੰ ਸਵੀਕਾਰ ਕਰਨ ਲਈ ਤਿਆਰ ਹੈ।’ -ਪੀਟੀਆਈ
ਸਸਤੀਆਂ ਹੋਣਗੀਆਂ ਐੱਨਸੀਈਆਰਟੀ ਦੀਆਂ ਪਾਠ ਪੁਸਤਕਾਂ
ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਐਲਾਨ ਕੀਤਾ ਕਿ ਅਗਲੇ ਸਾਲ ਤੋਂ ਕੁਝ ਕਲਾਸਾਂ ਲਈ ਕੌਮੀ ਸਿੱਖਿਆ ਖੋਜ ਤੇ ਸਿਖਲਾਈ ਕੌਂਸਲ (ਐੱਨਸੀਈਆਰਟੀ) ਦੀਆਂ ਪਾਠ ਪੁਸਤਕਾਂ ਦੀਆਂ ਕੀਮਤਾਂ ਘਟਣਗੀਆਂ। ਪ੍ਰਧਾਨ ਨੇ ਕਿਹਾ ਕਿ ਕੌਂਸਲ ਮੌਜੂਦਾ ਸਮੇਂ ਹਰ ਸਾਲ ਪੰਜ ਕਰੋੜ ਪਾਠ ਪੁਸਤਕਾਂ ਛਾਪਦੀ ਹੈ ਅਤੇ ਸਾਲ ਤੋਂ ਇਸ ਦੀ ਸਮਰੱਥਾ ਵਧਾ ਕੇ 15 ਕਰੋੜ ਕਰਨ ਦੀ ਦਿਸ਼ਾ ’ਚ ਕੰਮ ਕੀਤਾ ਜਾ ਰਿਹਾ ਹੈ। ਮੰਤਰੀ ਨੇ ਇਹ ਵੀ ਦੱਸਿਆ ਕਿ ਨੌਵੀਂ ਤੋਂ 12ਵੀਂ ਕਲਾਸ ਲਈ ਨਵੇਂ ਸਿਲੇਬਸ ਅਨੁਸਾਰ ਪਾਠ ਪੁਸਤਕਾਂ ਵਿੱਦਿਅਕ ਸੈਸ਼ਨ 2026-27 ਤੋਂ ਮੁਹੱਈਆ ਹੋਣਗੀਆਂ। -ਪੀਟੀਆਈ