ਐੱਸਓਈ ਸਕੂਲ ਸਮਰਾਲਾ ਵਿੱਚ ਐੱਨਐੱਸਐੱਸ ਕੈਂਪ
ਪੱਤਰ ਪ੍ਰੇਰਕ
ਸਮਰਾਲਾ, 25 ਦਸੰਬਰ
ਐੱਸਓਈ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿੱਚ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦਵਿੰਦਰ ਸਿੰਘ ਲੋਟੇ ਦੀ ਅਗਵਾਈ ਸਕੂਲ ਵਿੱਚ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਲਗਾਇਆ ਗਿਆ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਂਪ ਦੇ ਪ੍ਰੋਗਰਾਮ ਅਫਸਰ ਲੈਕਚਰਾਰ ਰਜੀਵ ਰਤਨ ਨੇ ਦੱਸਿਆ ਕਿ ਕੈਂਪ ਦੇ ਅਖਰੀ ਦਿਨ ਕਰਵਾਏ ਸਮਾਗਮ ਦੌਰਾਨ ਐੱਸਐੱਮਸੀ ਚੇਅਰਮੈਨ ਤੇਜਿੰਦਰ ਸਿੰਘ ਗਰੇਵਾਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਸੁਮਨ ਲਤਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਜੀ ਕਹਿੰਦੇ ਹੋਏ ਕੈਂਪ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਸੱਤ ਦਿਨਾਂ ਦੌਰਾਨ ਵਿਦਿਆਰਥੀਆਂ ਨੇ ਜੋ ਗਿਆਨ ਪ੍ਰਾਪਤ ਕੀਤਾ ਹੈ, ਇਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਬਣ ਸਕੇ। ਮੁੱਖ ਮਹਿਮਾਨ ਤੇਜਿੰਦਰ ਸਿੰਘ ਗਰੇਵਾਲ ਨੇ ਬੱਚਿਆਂ ਨੂੰ ਕਿਹਾ ਕਿ ਇਸ ਉਮਰ ਵਿੱਚ ਜੋ ਕੁਝ ਪ੍ਰੈਕਟੀਕਲ ਕਰ ਕੇ ਗਿਆਨ ਹਾਸਲ ਹੁੰਦਾ ਖਾਸ ਕਰ ਕੇ ਅਜਿਹੇ ਕੈਂਪਾਂ ਦੌਰਾਨ, ਉਹੀ ਲਮ੍ਹਹੇ ਅਤੇ ਤਜਰਬੇ ਪੂਰੀ ਜ਼ਿੰਦਗੀ ਕੰਮ ਆਉਂਦੇ ਹਨ। ਅੱਜ ਕੱਲ੍ਹ ਦੇ ਸਮੇਂ ਵਿੱਚ ਅਜਿਹੇ ਕੈਂਪ ਲੱਗਣੇ ਸਮੇਂ ਦੀ ਪ੍ਰਮੁੱਖ ਲੋੜ ਹੈ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ ਵੱਖ ਵੰਨਗੀਆਂ ਦੇ ਪ੍ਰੋਗਰਾਮ ਜਿਨ੍ਹਾਂ ਵਿੱਚ ਮੋਨੋ ਐਕਟਿੰਗ, ਗਾਣੇ, ਭੰਗੜਾ ਆਦਿ ਸ਼ਾਮਲ ਸਨ ਪੇਸ਼ ਕੀਤੇ ਗਏ। ਸਮਾਗਮ ਦੇ ਅਖੀਰ ਵਿੱਚ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਵੱਲੋਂ ਸਾਂਝੇ ਤੌਰ ਤੇ ਸਹਿ ਕਿਰਿਆਵਾਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਅਤੇ ਕੈਂਪ ਵਿੱਚ ਭਾਗ ਲੈਣ ਵਾਲੇ ਸਮੁੱਚੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ ਵਿਦਿਆਰਥੀਆਂ ਨੇ ਸਕੂਲ ਦੀ ਪੂਰੀ ਤਰ੍ਹਾਂ ਸਫਾਈ ਕੀਤੀ ਅਤੇ ਕਿਆਰੀਆਂ ਨੂੰ ਰੰਗ ਰੋਗਨ ਕਰ ਕੇ ਇੱਕ ਨਵੀਂ ਦਿੱਖ ਪ੍ਰਦਾਨ ਕੀਤੀ। ਲੈਕਚਰਾਰ ਰਜੀਵ ਰਤਨ ਕੈਂਪ ਦੇ ਪ੍ਰੋਗਰਾਮ ਅਫਸਰ ਨੇ ਸਭ ਦਾ ਧੰਨਵਾਦ ਕੀਤਾ।