ਨੈਸ਼ਨਲ ਕਾਲਜ ਵਿੱਚ ਐੱਨਐੱਸਐੱਸ ਕੈਂਪ ਸਮਾਪਤ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 31 ਦਸੰਬਰ
ਇੱਥੋਂ ਦੇ ਮਾਰਕੰਡਾ ਨੈਸ਼ਨਲ ਕਾਲਜ ਵੱਲੋਂ ਪਿੰਡ ਜੰਦੇੜੀ ਵਿੱਚ ਲਾਇਆ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਅੱਜ ਸਮਾਪਤ ਹੋ ਗਿਆ। ਇਸ ਮੌਕੇ ਐਨਐੱਸਐੱਸ ਪ੍ਰੋਗਰਾਮ ਕੋਆਰਡੀਨੇਟਰ ਡਾ. ਆਨੰਦ ਕੁਮਾਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਵਾਲੰਟੀਅਰਾਂ ਨੂੰ ਸਮਾਜ ਸੇਵਾ ਵਿਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਅਜਿਹੇ ਕੈਪਾਂ ਨੂੰ ਨੌਜਵਾਨਾਂ ਦੀ ਸ਼ਖਸੀਅਤ ਵਿਕਾਸ ਦਾ ਅਹਿਮ ਹਿੱਸਾ ਦੱਸਿਆ। ਇਸ ਮੌਕੇ ਡਾ. ਦਿਨੇਸ਼ ਕੁਮਾਰ ਰਾਜ ਐੱਨਐੱਸਐੱਸ ਅਫਸਰ ਹਰਿਆਣਾ ਨੇ ਵੀ ਕੈਂਪ ਦਾ ਦੌਰਾ ਕੀਤਾ। ਉਨ੍ਹਾਂ ਕੈਂਪ ਵਿਚ ਵਾਲੰਟੀਅਰਾਂ ਦੀਆਂ ਸਰਗਰਮੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੈਂਪ ਰਾਹੀਂ ਨੌਜਵਾਨ ਨਾ ਸਿਰਫ ਸਮਾਜ ਸੇਵਾ ਦੀ ਮਹੱਤਤਾ ਨੂੰ ਸਮਝਦੇ ਹਨ ਸਗੋਂ ਉਨ੍ਹਾਂ ਦੀ ਸ਼ਖਸੀਅਤ ਤੇ ਅਗਵਾਈ ਯੋਗਤਾ ਦਾ ਵੀ ਵਿਕਾਸ ਹੁੰਦਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਵਾਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ ਤੇ ਕੈਂਪ ਦੇ ਸਫਲ ਆਯੋਜਨ ਲਈ ਐੱਨਐੱਸਐੱਸ ਅਫਸਰ ਭਾਵਿਨੀ ਤੇਜਪਾਲ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਵਾਲੰਟੀਅਰਾਂ ਵਿਚ ਜੋ ਸਕਾਰਾਤਮਕ ਤਬਦੀਲੀ ਤੇ ਆਤਮ ਵਿਸ਼ਵਾਸ ਦੇਖਿਆ ਗਿਆ ਉਹ ਸ਼ਲਾਘਾਯੋਗ ਹੈ। ਵਾਲੰਟੀਅਰਾਂ ਨੇ ਸਭਿਆਚਾਰਕ ਪ੍ਰੋਗਰਾਮਾਂ ਰਾਹੀਂ ਆਪਣੇ ਤਜਰਬੇ ਸਾਂਝੇ ਕੀਤੇ ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਵਾਲੰਟੀਅਰ ਭਵਿਆ ਵਲੋਂ ਕੈਂਪ ਦੇ ਸੱਤ ਦਿਨਾਂ ਦੀ ਰਿਪੋਰਟ ਪੇਸ਼ ਕੀਤੀ ਗਈ ਉਨ੍ਹਾਂ ਨੇ ਵੱਖ ਵੱਖ ਗਤੀਵਿਧੀਆਂ, ਜਿਵੇਂ ਕਿ ਬੂਟੇ ਲਾਉਣਾ, ਸਵੱਛਤਾ ਜਾਗਰੂਤਾ ਮੁਹਿੰਮ, ਸਿਹਤ ਜਾਂਚ ਕੈਂਪ, ਵਿੱਤੀ ਸਾਖਰਤਾ ਪ੍ਰੋਗਰਾਮ ਤੇ ਸ਼ਖ਼ਸੀਅਤ ਵਿਕਾਸ ਸੈਸ਼ਨਾਂ ਦਾ ਵੇਰਵਾ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਐੱਨਐੱਸਐੱਸ ਗੀਤ ਨਾਲ ਹੋਈ।