ਗਹਿਲ ਕਾਲਜ ’ਚ ਐੱਨਐੱਸਐੱਸ ਕੈਂਪ ਸਮਾਪਤ
ਨਿੱਜੀ ਪੱਤਰ ਪ੍ਰੇਰਕ
ਮਹਿਲ ਕਲਾਂ, 3 ਫਰਵਰੀ
ਐੱਸਜੀਪੀਸੀ ਦੇ ਪ੍ਰਬੰਧ ਚੱਲ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ/ਸੀਨੀਅਰ ਸੈਕੰਡਰੀ ਸਕੂਲ ਗਹਿਲ ਵਿਖੇ ਲਗਾਇਆ ਗਿਆ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਸਫ਼ਲਤਾਪੂਰਵਕ ਸੰਪੰਨ ਹੋ ਗਿਆ। ਮੁੱਖ ਮਹਿਮਾਨ ਵਜੋਂ ਲੋਕਲ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ ਭੋਲਾ ਅਤੇ ਬੂਟਾ ਸਿੰਘ ਪਹੁੰਚੇ। ਸਮਾਗਮ ਦੀ ਸ਼ੁਰੂਆਤ ਵਿਦਿਆਰਥਣ ਅਮਨਵੀਰ ਕੌਰ ਅਤੇ ਸੁਖਮਨਪ੍ਰੀਤ ਕੌਰ ਦੀ ਰਸਭਿੰਨੀ ਆਵਾਜ਼ ’ਚ ਸ਼ਬਦ ਗਾਇਨ ਨਾਲ ਕੀਤੀ ਗਈ। ਐੱਨਐੱਸਐੱਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਡਾ. ਹਰਮੀਤ ਕੌਰ ਸਿੱਧੂ ਨੇ ਕੈਂਪ ਦੀ ਰਿਪੋਰਟ ਪੜ੍ਹੀ। ਵਿਦਿਆਰਥਣ ਨਵਜੋਤ ਕੌਰ ਨੇ ਸਹਿਯੋਗੀਆਂ ਨਾਲ ‘ਵਾਤਾਵਰਨ ਸਾਫ਼ ਬਣਾਓ’ ਵਿਸ਼ੇ ’ਤੇ ਨਾਟਕ ਪੇਸ਼ ਕੀਤਾ। ਵਲੰਟੀਅਰ ਅਮਨਜੀਤ ਕੌਰ ਨੇ ‘ਬੈਸਟ ਟੀਚਰ’ ਵਿਸ਼ੇ ’ਤੇ ਕਵਿਤਾ ਪੜ੍ਹੀ। ਅਮਨਵੀਰ ਕੌਰ ਨੇ ਵਲੰਟੀਅਰ ਸਾਥਣਾਂ ਨਾਲ ਸਮਾਜ ਨੂੰ ਸੇਧ ਦੇਣ ਲਈ ‘ਧੀਆਂ ਨੂੰ ਜ਼ਰੂਰ ਪੜਾਓ’ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ। ਵਲੰਟੀਅਰ ਅਨਮੋਲਪ੍ਰੀਤ ਕੌਰ ਅਤੇ ਪਵਨਪ੍ਰੀਤ ਕੌਰ ਨੇ ਕੈਂਪ ਸਬੰਧੀ ਤਜਰਬਾ ਸਾਂਝਾ ਕੀਤਾ। ਇਸ ਮੌਕੇ ਪ੍ਰਿੰਸੀਪਲ ਪ੍ਰੋ. ਮਲਵਿੰਦਰ ਸਿੰਘ, ਪ੍ਰੋਗਰਾਮ ਅਫਸਰ ਪ੍ਰੋਫ਼ੈਸਰ ਗੁਰਪ੍ਰੀਤ ਕੌਰ, ਡਾ. ਹਰਮੀਤ ਕੌਰ ਸਿੱਧੂ, ਰਵਿੰਦਰ ਕੌਰ ਅਤੇ ਪ੍ਰੋਫ਼ੈਸਰ ਅਮਨਦੀਪ ਕੌਰ ਹਾਜ਼ਰ ਸਨ।