ਪਿੰਡ ਚੂਹੜਚੱਕ ਨੂੰ ਪੇਂਡੂ ਸੱਭਿਅਤਾ ਦਾ ਅਜੂਬਾ ਬਣਾਉਣਗੇ ਐੱਨਆਰਆਈ
ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਅਕਤੂਬਰ
ਪੰਜਾਬ ਦੇ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਪਿੰਡ ਚੂਹੜਚੱਕ ਨੂੰ ਪਰਵਾਸੀ ਪੰਜਾਬੀਆਂ ਨੇ ਪੇਂਡੂ ਸੱਭਿਅਤਾ ਦਾ ਅਜੂਬਾ ਬਣਾਉਣ ਦਾ ਬੀੜਾ ਚੁੱਕਿਆ ਹੈ ਕਿਉਂਕਿ ਇਸ ਪਿੰਡ ਨਾਲ ਸਬੰਧਤ ਵੱਖ-ਵੱਖ ਦੇਸਾਂ ਵਿੱਚ ਵਸੇ ਐੱਨਆਰਆਈਜ਼ ਵੱਲੋਂ 15 ਕਰੋੜੀ ਪਿੰਡ ਦੇ ਵਿਕਾਸ ਮਾਡਲ ਦੀ ਤਜ਼ਵੀਜ਼ ਰੱਖੀ ਹੈ। ਇਸ ਪਿੰਡ ’ਚ ਜਨਮੇ ਨਾਸਾ ਵਿਗਿਆਨੀ ਅਤੇ ਪਰਵਾਸੀ ਪੰਜਾਬੀਆਂ ਨੇ ਵੱਡਾ ਇਕੱਠ ਕਰ ਕੇ ਪੰਚਾਇਤ ਸਰਬਸੰਮਤੀ ਨਾਲ ਕਰਕੇ ਭਾਈਚਾਰਕ ਸਾਂਝ ਦਾ ਵੀ ਸੱਦਾ ਦਿੱਤਾ। ਇਸ ਸਬੰਧੀ ਪਿੰਡ ਵਿਚ ਸਮਾਗਮ ਕਰਵਾਇਆ ਗਿਆ ਜਿਸ ਵਿਚ ਐੱਨਆਰਆਈ ਕਮਿਸ਼ਨ ਦੇ ਮੈਂਬਰ ਡਾ. ਇਕਵਿੰਦਰ ਸਿੰਘ ਅਤੇ ਐੱਨਆਰਆਈ ਕਮਿਸ਼ਨ ਕਮਲ ਗਰਗ ਨੇ ਸ਼ਮੂਲੀਅਤ ਕੀਤੀ।
ਨਾਸਾ ਵਿਗਿਆਨੀ ਪਰਵਾਸੀ ਪੰਜਾਬੀ ਡਾ. ਸੁਰਿੰਦਰਪਾਲ ਸ਼ਰਮਾ ਨੇ ਪੰਚਾਇਤ ਚੋਣਾਂ ਤੋਂ ਪਹਿਲਾਂ ਜਿਥੇ 15 ਕਰੋੜ ਰੁਪਏ ਨਾਲ ਪਿੰਡ ਦੇ ਵਿਕਾਸ ਮਾਡਲ ਦੀ ਤਜਵੀਜ਼ ਰੱਖੀ ਉਥੇ ਐਲਾਨ ਕੀਤਾ ਕਿ ਇਸ ਪਿੰਡ ’ਚ ਦੋ ਬਣੀਆਂ ਪੰਚਾਇਤਾਂ ਨੂੰ ਸਰਪੰਚ ਤੇ ਪੰਚ ਦੀ ਚੋਣ ਸਰਬਸੰਮਤੀ ਨਾਲ ਕਰਨ ਉੱਤੇ ਉਹ ਨਿੱਜੀ ਤੌਰ ਉੱਤੇ ਪਿੰਡ ਦੇ ਵਿਕਾਸ ਕਾਰਜਾਂ ਲਈ 42 ਲੱਖ ਰੁਪਏ ਦੀ ਰਾਸ਼ੀ ਦੇਣਗੇ। ਉਨ੍ਹਾਂ ਕਿਹਾ ਕਿ ਪਿੰਡ ਦੇ ਛੱਪੜਾਂ ਦੇ ਨਵੀਨੀਕਰਨ, ਟਰੀਟਮੈਂਟ ਪਲਾਂਟ ਲਾਉਣ, ਪਾਰਕਾਂ ਦਾ ਨਿਰਮਾਣ ਸਮੇਤ ਹੋਰ ਕੰਮ ਯੋਜਨਾ ਅਧੀਨ ਹਨ। ਉਹ ਆਪਣੀ ਜਨਮ ਭੂੰਮੀ ਨੂੰ ਸਵਰਗ ਤੋਂ ਵਧੇਰੇ ਸੁੰਦਰ ਦੇਖਣਾ ਚਾਹੁੰਦੇ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਐੱਨਆਰਆਈ ਨਾਸਾ ਵਿਗਿਆਨੀ ਡਾ. ਸੁਰਿੰਦਰਪਾਲ ਸ਼ਰਮਾ ਆਪਣੇ ਪਿੰਡ ਨਾਲ ਇੰਨਾ ਜੁੜਿਆ ਹੈ ਕਿ ਉਹ ਆਪਣੇ ਪਿੰਡ ਦੀ ਨੁਹਾਰ ਬਦਲਣ ਲਈ ਪਹਿਲਾਂ ਵੀ ਲੱਖਾਂ ਰੁਪਏ ਖਰਚ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਹ ਕਰੀਬ 4 ਦਹਾਕੇ ਪਹਿਲਾਂ ਚੰਗੇ ਭੱਵਿਖ ਲਈ ਵਿਦੇਸ਼ ਗਿਆ ਪਰ ਉਹ ਅਕਸਰ ਹੀ ਪਿੰਡ ਦੇ ਵਿਕਾਸ ਨੂੰ ਲੈ ਕੇ ਚਿੰਤਤ ਰਹਿੰਦਾ ਹੈ। ਉਨ੍ਹਾਂ ਆਖਿਆ ਕਿ ਭਾਵੇਂ ਇਸ ਵਾਰ ਪੰਚਾਇਤੀ ਚੋਣਾਂ ਰਾਜਸੀ ਚੋਣ ਨਿਸ਼ਾਨ ਉੱਤੇ ਨਹੀਂ ਹੋ ਰਹੀਆਂ ਪਰ ਰਾਜਸੀ ਧਿਰਾਂ ਨੇ ਆਪਣੀਆਂ ਦਾਅਵੇਦਾਰੀਆਂ ਵੀ ਨਹੀਂ ਛੱਡੀਆਂ। ਵਿਕਾਸ ਕਾਰਜਾਂ ਨੂੰ ਵੇਖ ਕੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਸੇਧ ਲੈਣ ਦੀ ਲੋੜ ਹੈ।
ਸਰਬਸੰਮਤੀ ਕਰਨ ’ਤੇ ਦੋਵੇਂ ਪੰਚਾਇਤਾਂ ਨੂੰ 42 ਲੱਖ ਰੁਪਏ ਦੇਣ ਦਾ ਐਲਾਨ
ਨਾਸਾ ਵਿਗਿਆਨੀ ਪਰਵਾਸੀ ਪੰਜਾਬੀ ਡਾ. ਸੁਰਿੰਦਰਪਾਲ ਸ਼ਰਮਾ ਨੇ ਐਲਾਨ ਕੀਤਾ ਕਿ ਇਸ ਪਿੰਡ ’ਚ ਦੋ ਪੰਚਾਇਤਾਂ ਨੂੰ ਸਰਪੰਚ ਤੇ ਪੰਚ ਦੀ ਚੋਣ ਸਰਬਸੰਮਤੀ ਨਾਲ ਕਰਨ ਉੱਤੇ ਉਹ ਨਿੱਜੀ ਤੌਰ ਉੱਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਦੋਵੇਂ ਪੰਚਾਇੰਤਾਂ ਨੂੰ 21-21 ਲੱਖ ਰੁਪਏ ਦੀ ਰਾਸ਼ੀ ਦੇਣਗੇ। ਉਨ੍ਹਾਂ ਆਖਿਆ ਕਿ ਅਜਿਹੇ ਵਿਚ ਭਾਈਚਾਰਕ ਸਾਂਝ ਕਾਇਮ ਰਹਿੰਦੀ ਹੈ।