ਐੱਨਆਰਆਈ ਸ਼ੂਟਿੰਗ ਕੇਸ: ਪੁਲੀਸ ਨੇ ਪੀੜਤ ਦੇ ਸਹੁਰੇ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਅਗਸਤ
ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਨੇ ਐੱਨਆਰਆਈ ਸੁਖਚੈਨ ਸਿੰਘ ਸ਼ੂਟਿੰਗ ਕੇਸ ਵਿਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਮੁੱਖ ਸ਼ੂਟਰਜ਼ ਅਜੇ ਵੀ ਫ਼ਰਾਰ ਹੈ ਜਿਨ੍ਹਾਂ ਨੂੰ ਕਾਬੂ ਕਰਨ ਲਈ ਯਤਨ ਜਾਰੀ ਹਨ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿਚ ਸੁਖਚੈਨ ਸਿੰਘ ਦਾ ਸਹੁਰਾ ਸਰਵਣ ਸਿੰਘ ਵਾਸੀ ਟਾਂਡਾ ਹੁਸ਼ਿਆਰਪੁਰ ਵੀ ਸ਼ਾਮਲ ਹੈ। ਸਰਵਣ ਸਿੰਘ, ਸੁਖਚੈਨ ਦੀ ਪਹਿਲੀ ਪਤਨੀ ਦਾ ਪਿਤਾ ਹੈ। ਪੁਲੀਸ ਵੱਲੋਂ ਕਾਬੂ ਕੀਤੇ ਹੋਰਨਾਂ ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਤੇ ਚਮਕੌਰ ਸਿੰਘ ਦੋਵੇਂ ਵਾਸੀ ਪਿੰਡ ਠੱਠ (ਤਰਨ ਤਾਰਨ), ਹੋਟਲ ਮਾਲਕ ਦਿਗਾਂਬਰ ਅਤਰੀ ਤੇ ਹੋਟਲ ਮੈਨੇਜਰ ਅਭਿਲਾਸ਼ ਭਾਸਕਰ ਵਾਸੀ ਕੱਟੜਾ ਆਹਲੂਵਾਲੀਆ ਵਜੋਂ ਦੱਸੀ ਗਈ ਹੈ। ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਨੇ ਦੋਵਾਂ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ ਜਦੋਂਕਿ ਹੋਟਲ ਮਾਲਕ ਤੇ ਮੈਨੇਜਰ ਨੂੰ ਇਸ ਲਈ ਕਾਬੂ ਕੀਤਾ ਗਿਆ ਕਿਉਂਕਿ ਉਨ੍ਹਾਂ ਬਿਨਾਂ ਕੋਈ ਆਈਡੀ ਪਰੂਫ ਲਿਆਂ ਸ਼ੂਟਰਾਂ ਨੂੰ ਰੂਮ ਦਿੱਤੇ ਸਨ। ਜਗਜੀਤ ਤੇ ਚਮਕੌਰ ਸ਼ੂਟਰਾਂ ਨੂੰ ਜਾਣਦੇ ਸਨ ਤੇ ਉਨ੍ਹਾਂ ਦੋਵਾਂ ਨੂੰ ਤਰਨ ਤਾਰਨ ਇਲਾਕੇ ਵਿਚ ਪਨਾਹ ਦਿੱਤੀ ਸੀ। ਢਿੱਲੋਂ ਨੇ ਕਿਹਾ ਕਿ ਦੋਵਾਂ ਮਸ਼ਕੂਕਾਂ ਦੀ ਪਛਾਣ ਹੋ ਗਈ ਤੇ ਉਨ੍ਹਾਂ ਨੂੰ ਫੜ੍ਹਨ ਲਈ ਛਾਪੇਮਾਰੀ ਜਾਰੀ ਹੈ। ਇਕ ਮਸ਼ਕੂਕ ਖਿਲਾਫ਼ ਕਤਲ, ਚੋਰੀ, ਲੁੱਟ-ਖੋਹ ਤੇ ਐੱਨਡੀਪੀਐੱਸ ਕੇਸਾਂ ਸਣੇ 10 ਫੌਜਦਾਰੀ ਕੇਸ ਦਰਜ ਹਨ। ਇਕ ਮਸ਼ਕੂਕ ਫਰਵਰੀ ਵਿਚ ਕਪੂਰਥਲਾ ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ ਜਦੋਂਕਿ ਉਸ ਦਾ ਸਾਥੀ, ਜਿਸ ਖਿਲਾਫ਼ ਐੱਨਡੀਪੀਐੱਸ ਦੇ ਕੇਸ ਦਰਜ ਹਨ, ਪਿਛਲੇ ਸਾਲ ਸਤੰਬਰ ਵਿਚ ਇਸੇ ਜੇਲ੍ਹ ’ਚੋਂ ਛੁੱਟਿਆ ਸੀ। ਇਸ ਤੋਂ ਪਹਿਲਾਂ ਪੁਲੀਸ ਨੇ ਅਮਰੀਕਾ ਅਧਾਰਿਤ ਤਿੰਨ ਐੱਨਆਰਈ’ਜ਼- ਸੁਖਚੈਨ ਸਿੰਘ ਦੇ ਸਾਲੇ ਸੁੁਖਵਿੰਦਰ ਸਿੰਘ, ਸਾਲੀ ਕੁਲਜਿੰਦਰ ਕੌਰ ਤੇ ਉਸ ਦੇ ਪਤੀ ਜਸਵੀਰ ਸਿੰਘ ਅਤੇ ਸੱਸ ਨਿਸ਼ਾਨ ਕੌਰ ਖਿਲਾਫ਼ ਕੇਸ ਦਰਜ ਕੀਤਾ ਸੀ। ਕਾਬਿਲੇਗੌਰ ਹੈ ਕਿ ਦੋ ਹਥਿਆਰਬੰਦ ਹਮਲਾਵਰਾਂ ਨੇ ਸ਼ਨਿੱਚਰਵਾਰ ਨੂੰ ਐੱਨਆਰਆਈ ਸੁਖਚੈਨ ਸਿੰਘ ਦੇ ਦਬੁਰਜੀ ਸਥਿਤ ਘਰ ਵਿਚ ਦਾਖ਼ਲ ਹੋ ਕੇ ਉਸ ਨੂੰ ਉਹਦੇ ਪਰਿਵਾਰਕ ਮੈਂਬਰਾਂ ਸਾਹਮਣੇ ਗੋਲੀਆਂ ਮਾਰੀਆਂ ਸਨ। ਇਸ ਦੌਰਾਨ ਗੋਲੀਆਂ ਚਲਾਉਂਦੇ ਹਮਲਾਵਰਾਂ ਦੇ ਪਿਸਤੌਲ ਫਸ ਗਏ ਤੇ ਉਹ ਉਥੋਂ ਫਰਾਰ ਹੋ ਗਏ। ਸੁਖਚੈਨ ਦੇ ਦੋ ਗੋਲੀਆਂ ਲੱਗੀਆਂ ਸਨ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ।