ਐੱਨਆਰਆਈ ਮਿਲਣੀ ਸਮਾਗਮ ਅੱਜ
ਐੱਨ.ਪੀ. ਧਵਨ
ਪਠਾਨਕੋਟ, 2 ਫਰਵਰੀ
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਭਲਕੇ 3 ਫਰਵਰੀ ਨੂੰ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਚਮਰੋੜ (ਮਿਨੀ ਗੋਆ) ਵਿੱਚ ਕਰਵਾਏ ਜਾ ਰਹੇ ਐੱਨਆਰਆਈਜ਼ ਮਿਲਣੀ ਸਮਾਗਮ ਨੂੰ ਸਫਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੈ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਉੱਥੇ ਕੈਂਪ ਆਫਿਸ ਬਣਾ ਕੇ ਤਿਆਰੀਆਂ ਨੂੰ ਅੰਤਿਮ ਛੋਹਾਂ ਦੇ ਰਹੇ ਸਨ। ਚਮਰੋੜ ਨੂੰ ਜਾਣ ਵਾਲੇ ਦੋ ’ਚੋਂ ਇੱਕ ਰਸਤੇ ਨੂੰ ਸਿਰਫ ਵੀਆਈਪੀਜ਼ ਲਈ ਰਾਖਵਾਂ ਰੱਖਿਆ ਗਿਆ ਹੈ ਜਦਕਿ ਦੂਸਰੇ ਰਸਤੇ ਨੂੰ ਬਾਕੀ ਸਾਰਿਆਂ ਦੇ ਦਾਖਲੇ ਲਈ ਰੱਖਿਆ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਇੱਥੇ ਹਜ਼ਾਰ ਦੇ ਕਰੀਬ ਪਰਵਾਸੀ ਭਾਰਤੀਆਂ ਦੇ ਪੁੱਜਣ ਦਾ ਅਨੁਮਾਨ ਹੈ। ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਦੱਸਿਆ ਕਿ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਪਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨ੍ਹਾਂ ਦਾ ਨਬਿੇੜਾ ਕਰਨ ਲਈ ਚਾਰ ਕਾਊਂਟਰ ਬਣਾਏ ਗਏ ਹਨ। ਇਸ ਤੋਂ ਇਲਾਵਾ ਐੱਨਆਰਆਈਜ਼ ਨੂੰ ਇਹ ਖੂਬਸੂਰਤ ਇਲਾਕਾ ਦਿਖਾਇਆ ਜਾਵੇਗਾ ਤਾਂ ਜੋ ਉਹ ਇੱਥੋਂ ਦੀ ਖੂਬਸੂਰਤੀ ਦੇਖ ਕੇ ਈਕੋ ਟੂਰਿਜ਼ਮ ਵਿੱਚ ਨਿਵੇਸ਼ ਕਰ ਸਕਣ।