ਕੰਗ ਸਾਹਬੂ ਤੋਂ ਐੱਨਆਰਆਈ ਬਜ਼ੁਰਗ ਅਗਵਾ
ਜਲੰਧਰ (ਪੱਤਰ ਪ੍ਰੇਰਕ):
ਨਕੋਦਰ ਦੇ ਪਿੰਡ ਕੰਗ ਸਾਹਬੂ ਤੋਂ ਅਣਪਛਾਤੇ ਕਾਰ ਸਵਾਰ ਐੱਨਆਰਆਈ ਬਜ਼ੁਰਗ ਨੂੰ ਅਗਵਾ ਕਰ ਕੇ ਫ਼ਰਾਰ ਹੋ ਗਏ। ਇਸ ਮਾਮਲੇ ਵਿੱਚ ਸਦਰ ਨਕੋਦਰ ਪੁਲੀਸ ਨੇ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਮਹਿੰਦਰ ਸਿੰਘ (75), ਜਦੋਂ ਬੀਤੀ ਸ਼ਾਮ 6 ਵਜੇ ਦੇ ਕਰੀਬ ਜਲੰਧਰ-ਨਕੋਦਰ ਹਾਈਵੇਅ ’ਤੇ ਪਿੰਡ ਕੰਗ ਸਾਹਬੂ ਕੋਲ ਪਹੁੰਚਿਆ ਤਾਂ ਦੋ ਅਣਪਛਾਤੇ ਉਸ ਨੂੰ ਅਗਵਾ ਕਰ ਕੇ ਫ਼ਰਾਰ ਹੋ ਗਏ। ਮਹਿੰਦਰ ਸਿੰਘ ਕਰੀਬ ਛੇ ਸਾਲ ਪਹਿਲਾਂ ਇੰਗਲੈਂਡ ਤੋਂ ਆਇਆ ਸੀ ਅਤੇ ਉਸ ਦਾ ਪਰਿਵਾਰ ਇੰਗਲੈਂਡ ਹੀ ਰਹਿੰਦਾ ਹੈ, ਜਿਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲੀਸ ਅਨੁਸਾਰ ਕੰਗ ਸਾਹਬੂ ਦੇ ਰਹਿਣ ਵਾਲੇ ਦਲਜੀਤ ਸਿੰਘ ਨੇ ਪੁਲੀਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਕੰਗ ਸਾਹਬੂ ਦੇ ਹੀ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਮਹਿੰਦਰ ਸਿੰਘ ਦੀ ਕਾਰ ਨੂੰ ਬੀਤੀ ਸ਼ਾਮ ਕੁੱਝ ਅਣਪਛਾਤਿਆਂ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਜਦੋਂ ਮਹਿੰਦਰ ਸਿੰਘ ਨੇ ਆਪਣੀ ਕਾਰ ਰੋਕੀ ਤਾਂ ਦੋ ਮੁਲਜ਼ਮ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਉਥੋਂ ਫ਼ਰਾਰ ਹੋ ਗਏ।