ਐੱਨਆਰਆਈ ਭਾਈਚਾਰਾ ਸੂਬੇ ਦੀ ਤਰੱਕੀ ’ਚ ਭਾਈਵਾਲ ਬਣੇ: ਮਾਨ
ਐੱਨ.ਪੀ. ਧਵਨ
ਪਠਾਨਕੋਟ, 3 ਫਰਵਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵ ਭਰ ਵਿੱਚ ਵਸਦੇ ਪਰਵਾਸੀ ਭਾਰਤੀ ਭਾਈਚਾਰੇ ਨੂੰ ਪੰਜਾਬ ਦੇ ਅਰਥਚਾਰੇ ਨੂੰ ਦੁਨੀਆ ਭਰ ’ਚ ਮੋਹਰੀ ਬਣਾਉਣ ਲਈ ਇੱਥੇ ਖੁੱਲ੍ਹੇ ਦਿਲ ਨਾਲ ਨਿਵੇਸ਼ ਕਰਨ ਅਤੇ ਕਾਰੋਬਾਰ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ। ਉਹ ਅੱਜ ਜ਼ਿਲ੍ਹਾ ਪਠਾਨਕੋਟ ਦੇ ਚਮਰੋੜ ਵਿੱਚ ਐੱਨਆਰਆਈ ਭਾਈਚਾਰੇ ਨਾਲ ਰੱਖੀ ਮਿਲਣੀ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਲਾਲ ਚੰਦ ਕਟਾਰੂਚੱਕ, ਬ੍ਰਮਸ਼ੰਕਰ ਜਿੰਪਾ, ਬਟਾਲਾ ਦੇ ਵਿਧਾਇਕ ਸ਼ੇਰ ਕਲਸੀ, ਜ਼ਿਲ੍ਹਾ ਪ੍ਰਧਾਨ ਠਾਕੁਰ, ਅਮਿਤ ਸਿੰਘ ਮੰਟੂ, ਵਿਭੂਤੀ ਸ਼ਰਮਾ, ਡਾ. ਸੰਜੀਵ ਤਿਵਾੜੀ, ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ, ਐੱਨਆਰਆਈ ਸਭਾ ਦੀ ਪੰਜਾਬ ਪ੍ਰਧਾਨ ਪਰਵਿੰਦਰ ਕੌਰ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੁੱਖ ਮੰਤਰੀ ਨੇ ਕਿਹਾ ਕਿ ਪਠਾਨਕੋਟ ਦਾ ਇਹ ਨਿਆਮਤਾਂ ਭਰਿਆ ਅਤੇ ਜਰਖੇਜ਼ ਨੀਮ ਪਹਾੜੀ ਇਲਾਕਾ ਹੁਣ ਤੱਕ ਵਿਸਰਿਆ ਰਿਹਾ ਹੈ। ਇੱਥੋਂ ਦਾ ਵਾਤਾਵਰਨ ਬਹੁਤ ਖੂਬਸੂਰਤ ਹੋਣ ਕਰ ਕੇ ਇੱਥੇ ਸੈਰ ਸਪਾਟਾ ਵਿਕਸਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਿਨੀ ਗੋਆ ਦੇ ਨਾਂ ਨਾਲ ਮਸ਼ਹੂਰ ਇਸ ਇਲਾਕੇ ਨੂੰ ਵਿਕਸਤ ਕਰਨ ਦੇ ਉਦੇਸ਼ ਹਿੱਤ ਹੀ ਇਹ ਮੀਟਿੰਗ ਰੱਖੀ ਗਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਤਹਿਤ ਤਾਜ ਅਤੇ ਹਯਾਤ ਹੋਟਲ ਵਾਲਿਆਂ ਨੇ ਇੱਥੇ ਅੱਠ-ਅੱਠ ਏਕੜ ਵਿੱਚ ਹੋਟਲ ਬਣਾਉਣ ਸਬੰਧੀ ਗੱਲਬਾਤ ਆਰੰਭੀ ਹੈ। ਇਹ ਹੋਟਲ ਇੱਥੇ ਰਣਜੀਤ ਸਾਗਰ ਡੈਮ ਦੀ ਝੀਲ ਅੰਦਰਲੇ ਕੁਦਰਤੀ ਟਾਪੂ ਵਿੱਚ ਬਣਨਗੇ ਅਤੇ ਵੈਸ਼ਨੋ ਦੇਵੀ, ਡਲਹੌਜ਼ੀ, ਧਰਮਸ਼ਾਲਾ ਤੇ ਹੋਰ ਪਹਾੜੀ ਸਥਾਨਾਂ ਨੂੰ ਜਾਣ ਵਾਲੇ ਸੈਲਾਨੀਆਂ ਲਈ ਇਹ ਹੋਟਲ ਖਿੱਚ ਦਾ ਕੇਂਦਰ ਬਣਨਗੇ। ਸਿਰਫ਼ ਇਹੀ ਨਹੀਂ ਇੱਥੇ ਰਾਵੀ ਦਰਿਆ ਦੇ ਪਾਣੀ ਨਾਲ ਸ਼ਾਹਪੁਰਕੰਡੀ ਡੈਮ ਵੀ ਉਸਾਰਿਆ ਜਾ ਰਿਹਾ ਹੈ ਜਿੱਥੋਂ 206 ਮੈਗਾਵਾਟ ਬਿਜਲੀ ਦੀ ਪੈਦਾਵਾਰ ਹੋਵੇਗੀ। ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਕਿਹਾ ਕਿ ਨੌਕਰੀਆਂ ਮੰਗਣ ਦੀ ਥਾਂ ਉਹ ਨੌਕਰੀਆਂ ਦੇਣ ਵਾਲੇ ਬਣਨ। ਉਨ੍ਹਾਂ ਚਮਰੋੜ (ਮਿਨੀ ਗੋਆ) ਵਿੱਚ ਸੈਲਾਨੀਆਂ ਲਈ ਜੈਟਸਕੀਅ (ਸਪੀਡ ਬੋਟਿੰਗ), ਮੋਟਰ ਪੈਰਾਗਲਾਈਡਿੰਗ ਅਤੇ ਹੌਟ ਏਅਰ ਬੈਲੂਨ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ। ਇਹ ਐਲਾਨ ਉਨ੍ਹਾਂ ਸਮਾਗਮ ਖ਼ਤਮ ਹੋਣ ਤੋਂ ਬਾਅਦ ਇਨ੍ਹਾਂ ਤਿੰਨੋਂ ਸਰਗਰਮੀਆਂ ਦਾ ਪ੍ਰਦਰਸ਼ਨ ਦੇਖਣ ਮਗਰੋਂ ਕੀਤਾ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ’ਤੇ ਪਹਿਲਾਂ ਹੀ ਦੋ ਕਿਸ਼ਤੀਆਂ ਚੱਲ ਰਹੀਆਂ ਹਨ, ਇਸ ਕਰ ਕੇ ਇੱਥੇ ਸੈਰ-ਸਪਾਟੇ ਦੀ ਸੰਭਾਵਨਾ ਨੂੰ ਦੇਖਦੇ ਹੋਏ ਇਹ ਤਿੰਨੋਂ ਸਰਗਰਮੀਆਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ’ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ 15 ਸਾਲਾਂ ਤੋਂ ਸੂਬੇ ਨੂੰ ਅੰਨ੍ਹੇਵਾਹ ਲੁੱਟਣ ਮਗਰੋਂ ਹੁਣ ਉਹ ਕਿਸ ਤੋਂ ਸੂਬੇ ਨੂੰ ਬਚਾਉਣ ਦਾ ਰੌਲਾ ਪਾ ਰਹੇ ਹਨ। ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਅੱਜ ਇੱਥੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਨਾਲ ਸਬੰਧਤ ਪਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਇਹ ਮਿਲਣੀ ਕੀਤੀ ਗਈ ਹੈ।