ਐੱਨਪੀਐੱਸ ਮੁਲਾਜ਼ਮਾਂ ਵੱਲੋਂ ਕੈਬਨਿਟ ਮੰਤਰੀ ਡਾ. ਰਵਜੋਤ ਦੇ ਦਫ਼ਤਰ ਦਾ ਘਿਰਾਓ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 29 ਸਤੰਬਰ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਸੂਬੇ ਕਮੇਟੀ ਦੇ ਸੱਦੇ ’ਤੇ ਅੱਜ ਇੱਥੇ ਐੱਨਪੀਐੱਸ ਮੁਲਾਜ਼ਮਾਂ ਨੇ ਜ਼ਿਲ੍ਹਾ ਕਨਵੀਨਰ ਸੰਜੀਵ ਧੂਤ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਦਫ਼ਤਰ ਦਾ ਘਿਰਾਓ ਕੀਤਾ ਤੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਧਰਨੇ ਦੌਰਾਨ ਸੰਜੀਵ ਧੂਤ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਅਤੇ ਡੰਗ ਟਪਾਊ ਨੀਤੀਆਂ ਦੀ ਨਿਖੇਧੀ ਕੀਤੀ। ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਨੇ ਕਿਹਾ ਕਿ ਮਾਨ ਸਰਕਾਰ ਚੋਣਾਂ ਦੌਰਾਨ ਕੀਤੇ ਪੁਰਾਣੀ ਪੈਨਸ਼ਨ ਬਹਾਲੀ ਦੇ ਵਾਅਦੇ ਤੋਂ ਭੱਜ ਰਹੀ ਹੈ। ਮਾਨ ਸਰਕਾਰ ਦੀਆਂ ਡੰਗ ਟਪਾਊ ਨੀਤੀਆਂ ਤੋਂ ਅੱਕੇ ਮੁਲਾਜ਼ਮਾਂ ਨੇ ਹੁਣ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਾ ਕੀਤਾ ਤਾਂ ਚਾਰੋਂ ਜ਼ਿਮਨੀ ਚੋਣਾਂ ਦੌਰਾਨ ਸਬੰਧਤ ਹਲਕਿਆਂ ਵਿਚ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਐਲਾਨ ਕੀਤਾ ਕਿ 2 ਅਕਤੂਬਰ ਨੂੰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵੱਲੋਂ ਅੰਬਾਲਾ ਵਿੱਚ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਵਧ ਕੇ ਹਿੱਸਾ ਲਿਆ ਜਾਵੇਗਾ ਪੰਜਾਬ ਸਰਕਾਰ ਦੀ ਵਾਅਦਾਖਿਲਾਫ਼ੀ ਤੋਂ ਹਰਿਆਣਾ ਦੇ ਕਰਮਚਾਰੀਆਂ ਨੂੰ ਵੀ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਵੀ ਮੁੱਖ ਮੰਤਰੀ ਜਾਣਗੇ, ਉਨ੍ਹਾਂ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਵਰਿੰਦਰ ਵਿੱਕੀ, ਸੁਰਜੀਤ ਰਾਜਾ, ਤਿਲਕ ਰਾਜ, ਪ੍ਰਿਤਪਾਲ ਸਿੰਘ ਚੌਟਾਲਾ, ਵਿਕਾਸ ਸ਼ਰਮਾ, ਪ੍ਰਿੰਸ ਗੜ੍ਹਦੀਵਾਲਾ, ਸੁਨੀਲ ਸ਼ਰਮਾ, ਅਮਰ ਸਿੰਘ, ਕਰਮਜੀਤ ਸਿੰਘ, ਪਰਮਜੀਤ ਕਾਤਿਬ, ਜਸਵੀਰ ਬੋਦਲ. ਚਮਨ ਲਾਲ, ਨਰਿੰਦਰ ਅਜਨੋਹਾ, ਦਵਿੰਦਰ ਸਿੰਘ, ਰਜਤ ਮਹਾਜਨ, ਬਲਦੇਵ, ਸਰਬਜੀਤ ਸਿੰਘ, ਜਗਵਿੰਦਰ ਸਿੰਘ ਤੇ ਹੋਰ ਮੌਜੂਦ ਸਨ।