For the best experience, open
https://m.punjabitribuneonline.com
on your mobile browser.
Advertisement

ਬਿਜਲੀ ਦੀ ਨਾਕਸ ਸਪਲਾਈ: ਮੁਹੱਲਾ ਜੱਟਪੁਰਾ ਵਾਸੀਆਂ ਵੱਲੋਂ ਮੁੜ ਧਰਨਾ

07:23 AM Jun 29, 2024 IST
ਬਿਜਲੀ ਦੀ ਨਾਕਸ ਸਪਲਾਈ  ਮੁਹੱਲਾ ਜੱਟਪੁਰਾ ਵਾਸੀਆਂ ਵੱਲੋਂ ਮੁੜ ਧਰਨਾ
ਧਰਨੇ ਦੌਰਾਨ ਮੁਹੱਲਾ ਜੱਟਪੁਰਾ ਵਾਸੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ।
Advertisement

ਹੁਸ਼ਿਆਰ ਸਿੰਘ ਰਾਣੂੰ
ਮਾਲੇਰਕੋਟਲਾ, 28 ਜੂਨ
ਸਥਾਨਕ ਮੁਹੱਲਾ ਜੱਟਪੁਰਾ ’ਚ ਬਿਜਲੀ ਦੀ ਨਾਕਸ ਸਪਲਾਈ ਨੂੰ ਸੁਧਾਰਨ ਲਈ ਪਾਵਰਕੌਮ ਵੱਲੋਂ ਮੁਹੱਲੇ ’ਚ ਟਰਾਂਸਫ਼ਾਰਮਰ ਲਾਉਣ ਦਾ ਪਿਛਲੇ ਕਰੀਬ ਪੰਦਰਾਂ ਤੋਂ ਚੱਲ ਰਿਹਾ ਰੇੜਕਾ ਖ਼ਤਮ ਨਾ ਹੋਣ ਕਰਕੇ ਅੱਜ ਮੁਹੱਲਾ ਵਾਸ‌ੀਆਂ ਨੇ ਜੁੰਮੇ ਦੀ ਨਮਾਜ਼ ਤੋਂ ਬਾਅਦ ਪਹਿਲਾਂ ਸਰਹਿੰਦੀ ਦਰਵਾਜ਼ੇ ਦੇ ਬਾਹਰ ਦੋ ਘੰਟੇ ਧਰਨਾ ਦਿੱਤਾ।
ਇਸ ਮਗਰੋਂ ਮਾਲੇਰਕੋਟਲਾ-ਲੁਧਿਆਣਾ ਸੜਕ ਸਥਿਤ ਜਰਗ ਚੌਕ ਨੇੜੇ ਧਰਨਾ ਦੇ ਕੇ ਆਵਾਜਾਈ ਠੱਪ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ,ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੁਹੱਲਾ ਵਾਸੀ ਇਰਸ਼ਾਦ, ਆਬਿਦ, ਮੁਹੰਮਦ ਆਰਿਫ਼, ਨਸਰੀਨ, ਬੀਬੀ ਅਖ਼ਤਰ ਅਤੇ ਰੇਸ਼ਮਾ ਆਦਿ ਨੇ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਤੋਂ ਮੁਹੱਲੇ ਵਿੱਚ ਬਿਜਲੀ ਦੀ ਵੋਲਟੇਜ ਵਧਣ-ਘਟਣ ਕਾਰਨ ਮੁਹੱਲਾ ਵਾਸੀਆਂ ਦੇ ਘਰਾਂ ਦੇ ਬਿਜਲੀ ਉਪਕਰਨ ਖ਼ਰਾਬ ਹੋ ਰਹੇ ਹਨ। ਪੰਦਰਾਂ ਦਿਨ ਪਹਿਲਾਂ ਮੁਹੱਲਾ ਵਾਸੀਆਂ ਦੀ ਮੰਗ ’ਤੇ ਜਦ ਪਾਵਰਕੌਮ ਮੁਲਾਜ਼ਮਾਂ ਨੇ ਮੁਹੱਲੇ ’ਚ ਟਰਾਂਸਫ਼ਾਰਮਰ ਲਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਇੱਕ ਵਿਅਕਤੀ ਵੱਲੋਂ ਇਤਰਾਜ਼ ਕਰਨ ’ਤੇ ਪਾਵਰਕੌਮ ਦੇ ਮੁਲਾਜ਼ਮ ਟਰਾਂਸਫ਼ਾਰਮਰ ਲਾਉਣ ਦਾ ਕੰਮ ਵਿਚਾਲੇ ਛੱਡ ਕੇ ਚਲੇ ਗਏ ਸਨ ਜਿਸ ਦੇ ਰੋਸ ਵਿੱਚ ਮੁਹੱਲਾ ਵਾਸੀਆਂ ਨੇ ਸਰਹਿੰਦੀ ਦਰਵਾਜ਼ੇ ਦਾ ਬਾਹਰ ਧਰਨਾ ਲਾ ਦਿੱਤਾ ਸੀ।
ਮੌਕੇ ਦੀ ਨਜ਼ਾਕਤ ਦੇਖਦਿਆਂ ਪਾਵਰਕੌਮ ਅਤੇ ਪੁਲੀਸ ਅਧਿਕਾਰੀਆਂ ਨੇ ਕੁਝ ਹੀ ਦਿਨਾਂ ‘ਚ ਟਰਾਂਸਫ਼ਾਰਮਰ ਚਾਲੂ ਕਰਨ ਦਾ ਭਰੋਸਾ ਦਿਵਾ ਕੇ ਧਰਨਾ ਚੁਕਵਾ ਦਿੱਤਾ ਸੀ ਪਰ ਕਰੀਬ ਪੰਦਰਾਂ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਮੁਹੱਲੇ ’ਚ ਟਰਾਂਸਫ਼ਾਰਮਰ ਨਹੀਂ ਲਾਇਆ ਗਿਆ। ਮੁਹੱਲੇ ਦੀ ਨਾਕਸ ਬਿਜਲੀ ਸਪਲਾਈ ਕਾਰਨ ਮੁਹੱਲਾ ਵਾਸੀ ਬੇਹੱਦ ਪ੍ਰੇਸ਼ਾਨ ਹਨ ,ਜਿਸ ਕਰਕੇ ਅੱਜ ਮੁਹੱਲਾ ਵਾਸੀਆਂ ਨੂੰ ਮੁੜ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਮੌਕੇ ’ਤੇ ਪੁੱਜੇ ਪਾਵਰਕੌਮ ਅਧਿਕਾਰੀਆਂ ਅਤੇ ਡੀਐੱਸਪੀ (ਐੱਚ) ਕਰਮਜੀਤ ਸਿੰਘ ਵੱਲੋਂ ਮੁਹੱਲੇ ‘ਚ ਪੰਦਰਾਂ ਦਿਨ ’ਚ ਟਰਾਂਸਫ਼ਾਰਮਰ ਲਾਉਣ ਦਾ ਭਰੋਸਾ ਦੇਣ ਦੇ ਬਾਵਜੂਦ ਧਰਨਾਕਾਰੀ ਧਰਨਾ ਚੁੱਕਣ ਲਈ ਰਾਜ਼ੀ ਨਹੀਂ ਹੋਏ।

Advertisement

Advertisement
Author Image

sukhwinder singh

View all posts

Advertisement
Advertisement
×