ਹੁਣ ਡਰੇਨ ਵਿਭਾਗ ਦੇ ਦਫ਼ਤਰ ’ਚ ਮਰੇ ਹੋਏ ਪਸ਼ੂ ਸੁੱਟੇ
ਰਮੇਸ਼ ਭਾਰਦਵਾਜ
ਲਹਿਰਾਗਾਗਾ, 16 ਅਕਤੂਬਰ
ਨੇੜਲੇ ਪਿੰਡ ਲਹਿਲ ਖੁਰਦ ਵਿੱਚ ਹੱਡਾਰੋੜੀ ਲਈ ਰਾਹ ਬੰਦ ਕੀਤੇ ਜਾਣ ਤੋਂ ਖ਼ਫ਼ਾ ਪਿੰਡ ਵਾਸੀਆਂ ਨੇ ਹੁਣ ਮੁਰਦਾ ਪਸ਼ੂ ਡਰੇਨ ਵਿਭਾਗ ਦੇ ਐਸਡੀਓ ਦਫ਼ਤਰ ਅੱਗੇ ਸੁੱਟ ਦਿੱਤੇ ਹਨ। ਇਸ ਤੋਂ ਪਹਿਲਾਂ ਇਨ੍ਹਾਂ ਨੇ ਮੁਰਦਾ ਪਸ਼ੂ ਐਸਡੀਐਮ ਦਫ਼ਤਰ ਅੱਗੇ ਸੁੱਟ ਦਿੱਤੇ ਸਨ। ਜ਼ਿਕਰਯੋਗ ਹੈ ਕਿ ਕਾਫੀ ਸਮੇਂ ਤੋਂ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਪਿੰਡ ਤੋਂ ਬਾਹਰ ਬਣਾਈ ਹੱਡਾਰੋੜੀ ਲਈ ਰਸਤਾ ਲਾਇਆ ਜਾਵੇ ਕਿਉਂਕਿ ਪਿੰਡ ਵਾਸੀਆਂ ਨੂੰ ਆਪਣੇ ਮਰੇ ਹੋਏ ਪਸ਼ੂ ਹੱਡਾਰੋੜੀ ਤੱਕ ਲਿਜਾਣ ਲਈ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਬੀਕੇਯੂ ਉਗਰਾਹਾਂ ਦੇ ਸੀਨੀਅਰ ਆਗੂ ਪਿੰਡ ਵਾਸੀਆਂ ਵੱਲੋਂ ਹਰਸੇਵਕ ਸਿੰਘ ਨੇ ਕਿਹਾ ਕਿ ਰਸਤੇ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਇਸ ਤੋਂ ਬਾਅਦ ਡਰੇਨ ਵਿਭਾਗ ਦੇ ਐੱਸਡੀਓ ਨਾਲ਼ ਵੀ ਪੰਜ ਵਾਰ ਮਿਲ ਕੇ ਗੱਲਬਾਤ ਕਰ ਚੁੱਕੇ ਹਨ ਪਰੰਤੂ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਗਿਆ। ਅੱਕੇ ਪਿੰਡ ਵਾਸੀਆਂ ਨੇ ਡਰੇਨ ਵਿਭਾਗ ਦੇ ਦਫ਼ਤਰ ਅੱਗੇ ਮਰੇ ਹੋਏ ਪਸ਼ੂ ਸੁੱਟ ਦਿੱਤੇ ਹਨ ਅਤੇ ਜਲਦ ਰਸਤਾ ਲਗਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਹੁਣ ਵੀ ਅਣਗਹਿਲੀ ਕਰੇਗਾ ਤਾਂ ਪਿੰਡ ਵਾਸੀ ਸੰਘਰਸ਼ ਲਈ ਤਿਆਰ ਹਨ।