ਹੁਣ ਬੱਸ ਖ਼ਰਾਬ ਹੋਣ ’ਤੇ ਨਹੀਂ ਹੋਣਾ ਪਵੇਗਾ ਖੁਆਰ
ਨਵੀਂ ਦਿੱਲੀ, 25 ਅਕਤੂਬਰ
ਦਿੱਲੀ ਟਰੈਫਿਕ ਪੁਲੀਸ ਅਤੇ ਟਰਾਂਸਪੋਰਟ ਵਿਭਾਗ ਨੇ ਰਸਤੇ ’ਚ ਬੱਸ ਖ਼ਰਾਬ ਹੋਣ ਕਾਰਨ ਲੱਗਣ ਵਾਲੇ ਜਾਮ ਨਾਲ ਨਜਿੱਠਣ ਲਈ ‘ਵਟਸਐਪ ਗਰੁੱਪ’ ਬਣਾਇਆ ਹੈ, ਤਾਂ ਜੋ ਫਸੇ ਵਾਹਨ ਨੂੰ ਤੁਰੰਤ ਸੜਕ ਤੋਂ ਹਟਾਇਆ ਜਾ ਸਕੇ। ਇਸ ਗਰੁੱਪ ਵਿੱਚ 70 ਅਧਿਕਾਰੀ ਸ਼ਾਮਲ ਕੀਤੇ ਗਏ ਹਨ। ਜੇ ਬੱਸ ਖ਼ਰਾਬ ਹੋ ਜਾਂਦੀ ਹੈ ਤਾਂ ਇਹ ਗਰੁੱਪ ਉਸ ਸੜਕ ’ਤੇ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਸਤੰਬਰ ਵਿੱਚ ਬਣਾਇਆ ਗਿਆ ਗਰੁੱਪ ‘ਬ੍ਰੇਕਡਾਊਨ ਮੈਨੇਜਮੈਂਟ’ ਦਾ ਫਾਇਦਾ ਦਿਖਾਈ ਦੇ ਰਿਹਾ ਹੈ ਅਤੇ ਅਧਿਕਾਰੀਆਂ ਅਨੁਸਾਰ ਜਦੋਂ ਤੋਂ ਇਹ ਗਰੁੱਪ ਬਣਾਇਆ ਗਿਆ ਹੈ, ਉਦੋਂ ਤੋਂ ਸੜਕ ਤੋਂ ਖ਼ਰਾਬ ਵਾਹਨਾਂ ਹਟਾਉਣ ਲਈ ਔਸਤ ਸਮਾਂ ਘੱਟ ਗਿਆ ਹੈ। ਗਰੁੱਪ ਦੇ ਇੱਕ ਮੈਂਬਰ ਅਤੇ ਇੱਕ ਸੀਨੀਅਰ ਟਰੈਫਿਕ ਪੁਲੀਸ ਅਧਿਕਾਰੀ ਅਨੁਸਾਰ ਜੇ ਪਹਿਲਾਂ ਕੋਈ ਬੱਸ ਖਰਾਬ ਹੋ ਜਾਂਦੀ ਹੈ ਸੀ ਤਾਂ ਉਸ ਨੂੰ ਲੱਭਣ ਅਤੇ ਠੀਕ ਕਰਨ ਲਈ ਮਕੈਨਿਕ ਭੇਜਣ ਵਿੱਚ ਕਾਫੀ ਸਮਾਂ ਲੱਗ ਜਾਂਦੇ ਹਨ। ਇਹ ਲਾਜ਼ਮੀ ਸੀ ਕਿ ਮਕੈਨਿਕ ਉਸੇ ਬੱਸ ਡਿਪੂ ਤੋਂ ਹੋਣੇ ਚਾਹੀਦੇ ਹਨ। ਬੱਸ ਖ਼ਰਾਬ ਹੋਣ ਵਾਲੀ ਜਗ੍ਹਾ ਡਿਪੂ ਤੋਂ ਕਾਫੀ ਦੂਰ ਹੋਣ ਕਾਰਨ ਮਕੈਨਿਕ ਦੇ ਆਉਣ ਵਿੱਚ ਦੇਰੀ ਹੁੁੰਦੀ ਸੀ। ਵਟਸਐਪ ਗਰੁੱਪ ਬਣਨ ਤੋਂ ਬਾਅਦ ਟਰਾਂਸਪੋਰਟ ਵਿਭਾਗ ਨੇ ਆਪਣੀ ਰਣਨੀਤੀ ਬਦਲੀ ਅਤੇ ਬੱਸ ਖ਼ਰਾਬ ਹੋਣ ਵਾਲੀ ਥਾਂ ’ਤੇ ਨਜ਼ਦੀਕੀ ਡਿਪੂ ਤੋਂ ਮਦਦ ਭੇਜਣੀ ਸ਼ੁਰੂ ਕਰ ਦਿੱਤੀ। ਵਿਸ਼ੇਸ਼ ਪੁਲੀਸ ਕਮਿਸ਼ਨਰ (ਟਰੈਫਿਕ) ਅਜੈ ਚੌਧਰੀ ਨੇ ਕਿਹਾ ਕਿ ਦੋਵਾਂ ਵਿਭਾਗਾਂ ਵਿਚਕਾਰ ਸਹਿਯੋਗ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਖਰਾਬ ਹੋਈ ਬੱਸ ਤੱਕ ਪਹੁੰਚਣ ਦਾ ਔਸਤ ਸਮਾਂ ਘਟ ਗਿਆ ਹੈ।
ਦਿੱਲੀ ਟਰੈਫਿਕ ਪੁਲੀਸ ਦੇ ਅੰਕੜਿਆਂ ਅਨੁਸਾਰ ਜੁਲਾਈ 2022 ਤੋਂ ਜੂਨ 2023 ਦਰਮਿਆਨ ਹਰ ਦਿਨ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਜਾਂ ਕਲੱਸਟਰ ਫਲੀਟਾਂ ਦੀਆਂ ਔਸਤ 79 ਬੱਸਾਂ ਖ਼ਰਾਬ ਹੋਈਆਂ। ਡੀਟੀਸੀ ਕੋਲ 7,582 ਬੱਸਾਂ ਦਾ ਫਲੀਟ ਹੈ। ਬੱਸਾਂ ਵਾਰ-ਵਾਰ ਖ਼ਰਾਬ ਹੋਣ ਦੇ ਕਾਬਰਨਾਂ ਬਾਰੇ ਸਾਬਕਾ ਡਿਪਟੀ ਟਰਾਂਸਪੋਰਟ ਕਮਿਸ਼ਨਰ ਅਨਿਲ ਛਿਕਾਰਾ ਨੇ ਕਿਹਾ ਕਿ ਸੀਐੱਨਜੀ ਨਾਲ ਚੱਲਣ ਵਾਲੀਆਂ ਬੱਸਾਂ ਦੇ ਇੰਜਣਾਂ ਵਿੱਚ ਓਵਰਹੀਟਿੰਗ, ਸ਼ਾਰਟ ਸਰਕਟ ਅਤੇ ਹੋਰ ਸਮੱਸਿਆਵਾਂ ਕਾਰਨ ਬਹੁਤੀਆਂ ਬੱਸਾਂ ਖ਼ਰਾਬ ਹੁੰਦੀਆਂ ਹਨ। -ਪੀਟੀਆਈ