ਹੁਣ 14 ਨਵੰਬਰ ਨੂੰ ਰਿਲੀਜ਼ ਹੋਵੇਗੀ ਫਿਲਮ ‘ਕੰਗੂਵਾ’
ਮੁੰਬਈ:
ਫਿਲਮ ਪ੍ਰੇਮੀਆਂ ਨੂੰ ਅਦਾਕਾਰ ਸੂਰੀਆ ਅਤੇ ਬੌਬੀ ਦਿਓਲ ਦੀ ਭੂਮਿਕਾ ਵਾਲੀ ਫਿਲਮ ‘ਕੰਗੂਵਾ’ ਦੇਖਣ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਨਿਰਮਾਤਾਵਾਂ ਨੇ ਰਿਲੀਜ਼ ਦੀ ਤਰੀਕ ਮੁਲਤਵੀ ਕਰ ਦਿੱਤੀ ਹੈ। ਪਹਿਲਾਂ ਇਹ ਫਿਲਮ 10 ਅਕਤੂਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨੀ ਸੀ, ਜੋ ਹੁਣ 14 ਨਵੰਬਰ ਨੂੰ ਰਿਲੀਜ਼ ਹੋਵੇਗੀ। ਉਨ੍ਹਾਂ ਅੱਜ ਇੰਸਟਾਗ੍ਰਾਮ ’ਤੇ ਫਿਲਮ ਰਿਲੀਜ਼ ਹੋਣ ਦੀ ਨਵੀਂ ਤਰੀਕ ਵਾਲਾ ਪੋਸਟਰ ਵੀ ਸਾਂਝਾ ਕੀਤਾ ਹੈ। ਪੋਸਟਰ ਸਾਂਝਾ ਕਰਦਿਆਂ ਉਨ੍ਹਾਂ ਕਿਹਾ, ‘ਵਿਸ਼ਵ ਲਈ ਮਾਣ ਤੇ ਸ਼ਾਨ ਦਾ ਗਵਾਹ ਬਣੀ ਜੰਗ ‘ਕੰਗੂਵਾ’ ਦੇ ਸ਼ਕਤੀਸ਼ਾਲੀ ਸ਼ਾਸਨ ਦਾ ਤੂਫਾਨ 14 ਨਵੰਬਰ 2024 ਨੂੰ ਆਵੇਗਾ।’ ਹਾਲ ਹੀ ਵਿੱਚ ਨਿਰਮਾਤਾਵਾਂ ਨੇ ਫਿਲਮ ਦਾ ਟ੍ਰੇਲਰ ਜਾਰੀ ਕੀਤਾ ਸੀ, ਜਿਸ ਦੀ ਸ਼ੁਰੂਆਤ ਬਿਰਧ ਔਰਤ ਤੋਂ ਹੁੰਦੀ ਹੈ। ਇਸ ਤੋਂ ਬਾਅਦ ਟ੍ਰੇਲਰ ਵਿੱਚ ਸੂਰੀਆ ਤੇ ਬੌਬੀ ਦਿਓਲ ਆਪਣੇ ਕਬੀਲਿਆਂ ਅਤੇ ਯੋਧਿਆਂ ਦੇ ਆਗੂਆਂ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ। ਸਿਵਾ ਵੱਲੋਂ ਨਿਰਦੇਸ਼ਿਤ ਤੇ ਗ੍ਰੀਨ ਸਟੂਡੀਓ ਦੁਆਰਾ ਨਿਰਮਿਤ ਫਿਲਮ ‘ਕੰਗੂਵਾ’ ਵਿੱਚ 1500 ਸਾਲ ਪੁਰਾਣੇ ਦ੍ਰਿਸ਼ ਦਿਖਾਏ ਗਏ ਹਨ। ਇਸ ਵਿੱਚ ਦਿਸ਼ਾ ਪਟਾਨੀ, ਨਟਰਾਜਨ ਸੂਬਰਾਮਨੀਅਮ, ਜਗਪਤੀ ਬਾਬੂ, ਯੋਗੀ ਬਾਬੂ, ਰੇਡਿਨ ਕਿੰਗਸਲੇ, ਕੋਵਈ ਸਰਲਾ ਅਤੇ ਆਨੰਦਾ ਸ਼ਾਮਲ ਹਨ। -ਏਐੱਨਆਈ