ਹੁਣ ਸਿਟ ਨੇ ਮਜੀਠੀਆ ਦੇ ਚਾਰ ਨਜ਼ਦੀਕੀਆਂ ਨੂੰ ਸੱੱਦਿਆ
ਖੇਤਰੀ ਪ੍ਰਤੀਨਿਧ
ਪਟਿਆਲਾ, 29 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦੋ ਸਾਲ ਪਹਿਲਾਂ ਨਸ਼ਾ ਤਸਕਰੀ ਦੇ ਦੋੋਸ਼ਾਂ ਤਹਿਤ ਦਰਜ ਹੋਏ ਕੇਸ ਦੀ ਜਾਂਚ ਲਈ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਬਣੀ ਸਿਟ ਵੱਲੋਂ ਹੁਣ ਮਜੀਠੀਆ ਦੇ ਚਾਰ ਨਜ਼ਦੀਕੀਆਂ ਨੂੰ ਸੰਮਨ ਭੇਜੇ ਗਏ ਹਨ। ਉਨ੍ਹਾਂ ਨੂੰ 2 ਫਰਵਰੀ ਨੂੰ ਪਟਿਆਲਾ ਵਿੱਚ ਪੇਸ਼ ਹੋਣ ਲਈ ਆਖਿਆ ਗਿਆ ਹੈ। ਸੱਦੇ ਗਏ ਵਿਅਕਤੀਆਂ ਵਿਚ ਤਲਵੀਰ ਸਿੰਘ ਗਿੱਲ, ਸ਼ਿਵ ਚਰਨ, ਕੁਲਤਾਰ ਸਿੰਘ ਅਤੇ ਬੁੱਧ ਸਿੰਘ ਸ਼ਾਮਲ ਹਨ। ਇਨ੍ਹਾਂ ’ਚੋਂ ਇੱਕ ਮਜੀਠੀਆ ਦਾ ਸਾਬਕਾ ਪੀਏ ਅਤੇ ਇੱਕ ਸਾਬਕਾ ਓਐੱਸਡੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿਟ ਵੱਲੋਂ ਮਜੀਠੀਆ ਤੋਂ ਤਿੰਨ ਵਾਰ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ। ਦੋ ਵਾਰ ਪੁੱਛ-ਪੜਤਾਲ ਸਿਟ ਦੇ ਮੁਖੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਸੇਵਾਮੁਕਤੀ ਤੋਂ ਪਹਿਲਾਂ ਹੋਈ ਜਦਕਿ ਇੱਕ ਵਾਰ ਪੁੱਛ-ਪੜਤਾਲ ਛੀਨਾ ਦੀ ਸੇਵਾਮੁਕਤੀ ਮਗਰੋਂ ਨਵੇਂ ਮੁਖੀ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਲੀ ਟੀਮ ਵੱਲੋਂ ਕੀਤੀ ਗਈ ਸੀ। ਸਿਟ ’ਚ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਅਤੇ ਐੱਸਪੀਡੀ ਵਰੁਣ ਸ਼ਰਮਾ ਸਣੇ ਡੀਐੱਸਪੀ ਜਸਵਿੰਦਰ ਟਿਵਾਣਾ ਤੇ ਨਰਿੰਦਰ ਸਿੰਘ ਅਤੇ ਇੰਸਪੈਕਟਰ ਦਰਬਾਰਾ ਸਿੰਘ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਅਕਾਲੀ ਆਗੂ ਬਿੱਟੂ ਔਲਖ ਅਤੇ ਜਗਜੀਤ ਸਿੰਘ ਚਾਹਲ ਨੂੰ ਵੀ ਸਿਟ ਗਵਾਹਾਂ ਵਜੋਂ ਸਵਾਲ-ਜਵਾਬ ਕਰ ਚੁੱਕੀ ਹੈ। ਅਸਲ ’ਚ ਬੋਨੀ ਅਜਨਾਲਾ ਨੇ ਮਰਹੂਮ ਪ੍ਰਕਾਸ਼ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਪੱਤਰ ਲਿਖ ਕੇ ਉਨ੍ਹਾਂ ਦਾ ਨਸ਼ੇ ਦੀ ਤਸਕਰੀ ਵੱਲ ਧਿਆਨ ਦਿਵਾਇਆ ਸੀ।