ਹੁਣ ਦਿੱਲੀ ’ਚ ਹਿੰਦੀ, ਅੰਗਰੇਜ਼ੀ, ਪੰਜਾਬੀ ਤੇ ਉਰਦੂ ਵਿੱਚ ਲਿਖੇ ਜਾਣਗੇ ਸਾਈਨ ਬੋਰਡ
ਨਵੀਂ ਦਿੱਲੀ, 19 ਦਸੰਬਰ
ਦਿੱਲੀ ਦੇ ਸੜਕੀ ਚਿੰਨ੍ਹਾਂ, ਦਿਸ਼ਾ-ਨਿਰਦੇਸ਼ਕ ਬੋਰਡਾਂ ਅਤੇ ਇੱਥੋਂ ਤੱਕ ਮੈਟਰੋ ਸਟੇਸ਼ਨਾਂ ’ਤੇ ਲੱਗੇ ਸੰਕੇਤਾਂ ’ਤੇ ਜਲਦੀ ਹੀ ਹਿੰਦੀ, ਅੰਗਰੇਜ਼ੀ, ਪੰਜਾਬੀ ਅਤੇ ਉਰਦੂ ਭਾਸ਼ਾਵਾਂ ਵਿੱਚ ਜਾਣਕਾਰੀਆਂ ਲਿਖੀਆਂ ਜਾਣਗੀਆਂ। ਇਸ ਕਦਮ ਦਾ ਉਦੇਸ਼ ਭਾਸ਼ਾਈ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਅਤੇ ਦਿੱਲੀ ਦੀਆਂ ਅਧਿਕਾਰਿਤ ਭਾਸ਼ਾਵਾਂ ਦਾ ਪ੍ਰਦਰਸ਼ਨ ਕਰਨਾ ਹੈ।
ਦਿੱਲੀ ਸਰਕਾਰ ਦੇ ਅਧੀਨ ਕੰਮ ਕਰਨ ਵਾਲੇ ਨੌਕਰਸ਼ਾਹਾਂ ਨੂੰ ਵੀ ਆਪਣੇ ਦਫ਼ਤਰਾਂ ਦੇ ਬਾਹਰ ਬੋਰਡਾਂ ’ਤੇ ਇਨ੍ਹਾਂ ਚਾਰ ਭਾਸ਼ਾਵਾਂ ਵਿੱਚ ਆਪਣਾ ਨਾਮ ਲਿਖਣਾ ਹੋਵੇਗਾ। ਇਹ ਕਦਮ ‘ਦਿੱਲੀ ਸਰਕਾਰੀ ਭਾਸ਼ਾਵਾਂ ਐਕਟ, 2000’ ਅਨੁਸਾਰ ਚੁੱਕਿਆ ਗਿਆ ਹੈ ਜੋ ਹਿੰਦੀ ਨੂੰ ਪਹਿਲੀ ਸਰਕਾਰੀ ਭਾਸ਼ਾ ਤੇ ਉਰਦੂ ਤੇ ਪੰਜਾਬੀ ਨੂੰ ਦੂਜੀ ਸਰਕਾਰੀ ਭਾਸ਼ਾਵਾਂ ਵਜੋਂ ਮਾਨਤਾ ਦਿੰਦਾ ਹੈ।
ਇਸ ਸਮੇਂ ਦਿੱਲੀ ਵਿੱਚ ਜ਼ਿਆਦਾਤਰ ਸਾਈਨ ਬੋਰਡਾਂ ਅਤੇ ਨੇਮ ਪਲੇਟਾਂ ’ਤੇ ਸਿਰਫ਼ ਹਿੰਦੀ ਅਤੇ ਅੰਗਰੇਜ਼ੀ ਵਿਚ ਹੀ ਜਾਣਕਾਰੀ ਲਿਖੀ ਜਾਂਦੀ ਹੈ। ਕਲਾ, ਸਭਿਆਚਾਰ ਅਤੇ ਭਾਸ਼ਾ ਵਿਭਾਗ ਨੇ 4 ਨਵੰਬਰ ਨੂੰ ਇੱਕ ਆਦੇਸ਼ ਵਿੱਚ ਸਾਰੇ ਵਿਭਾਗਾਂ, ਸਿਵਲ ਸੰਸਥਾਵਾਂ ਅਤੇ ਖੁਦਮੁਖਤਿਆਰ ਅਥਾਰਟੀਆਂ ਨੂੰ ਉਪ ਰਾਜਪਾਲ (ਐੱਲਜੀ) ਵੀਕੇ ਸਕਸੈਨਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਐਕਟ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਸੀ।
ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਬੋਰਡਾਂ ਅਤੇ ਚਿੰਨ੍ਹਾਂ ’ਤੇ ਭਾਸ਼ਾ ਦੀ ਤਰਤੀਬ ਹਿੰਦੀ, ਅੰਗਰੇਜ਼ੀ, ਪੰਜਾਬੀ ਅਤੇ ਉਰਦੂ ਹੋਣੀ ਚਾਹੀਦੀ ਹੈ ਅਤੇ ਸ਼ਬਦਾਂ ਦਾ ਆਕਾਰ ਸਾਰਿਆਂ ਲਈ ਇਕੋ ਜਿਹਾ ਹੋਣਾ ਚਾਹੀਦਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਨਿਰਦੇਸ਼ ਮੈਟਰੋ ਸਟੇਸ਼ਨਾਂ, ਹਸਪਤਾਲਾਂ, ਜਨਤਕ ਪਾਰਕਾਂ ਅਤੇ ਹੋਰ ਜਨਤਕ ਥਾਵਾਂ ’ਤੇ ਲਾਗੂ ਹੋਵੇਗਾ।
ਕੌਮੀ ਰਾਜਧਾਨੀ ਵਿੱਚ 1,250 ਕਿਲੋਮੀਟਰ ਸੜਕਾਂ ਦੇ ਰੱਖ-ਰਖਾਅ ਕਰਨ ਵਾਲਾ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਸੂਚਕਾਂ ਨੂੰ ਅਪਡੇਟ ਕਰਨਾ ਸ਼ੁਰੂ ਕਰੇਗਾ। ਉਪ ਰਾਜਪਾਲ ਦਾ ਇਹ ਨਿਰਦੇਸ਼ ਕੇਂਦਰੀ ਗ੍ਰਹਿ ਮੰਤਰਾਲੇ ਦੇ ਰਾਜ ਭਾਸ਼ਾ ਵਿਭਾਗ ਦੇ 2011 ਦੇ ਹੁਕਮਾਂ ਨਾਲ ਵੀ ਮੇਲ ਖਾਂਦਾ ਹੈ, ਜਿਸ ਤਹਿਤ ‘ਏ ਖੇਤਰ’ ’ਚ ਪੈਂਦੇ ਸੂਬਿਆਂ ਜਿਵੇਂ ਦਿੱਲੀ, ਬਿਹਾਰ ਅਤੇ ਹਰਿਆਣਾ ਆਦਿ ਨੂੰ ਸਥਾਨਕ ਪੱਤਰ ’ਤੇ ਹੋਰ ਭਾਸ਼ਾਵਾਂ ਦੀ ਤਰਤੀਬ ਨੂੰ ਤੈਅ ਕਰਦਿਆਂ ਜਨਤਕ ਚਿੰਨ੍ਹਾਂ ’ਤੇ ਹਿੰਦੀ ਨੂੰ ਪਹਿਲ ਦੇਣ ਦਾ ਨਿਰਦੇਸ਼ ਦਿੱਤਾ ਗਿਆ ਸੀ।
ਦਿੱਲੀ ਉਰਦੂ ਅਕਾਦਮੀ ਦੇ ਪ੍ਰਧਾਨ ਸ਼ਾਹਪਰ ਰਸੂਲ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ‘ਦਿੱਲੀ ਰਾਜ ਭਾਸ਼ਾ ਐਕਟ 2000’ ਦੇ ਅਧਿਕਾਰਿਤ ਤੌਰ ’ਤੇ ਲਾਗੂ ਕਰਨ ਦੀ ਖ਼ਬਰ ਸੁਣ ਕੇ ਖੁਸ਼ੀ ਹੋਈ ਹੈ।