ਹੁਣ ਕੂੜੇ ਨਾਲ ਬਣਨਗੇ ਕੌਮੀ ਮਾਰਗ
ਗਗਨਦੀਪ ਅਰੋੜਾ
ਲੁਧਿਆਣਾ, 24 ਜੁਲਾਈ
ਨਗਰ ਨਿਗਮ ਦੇ ਕੂੜੇ ਦੇ ਡੰਪ ’ਤੇ ਪਿਆ ਸਾਲਾਂ ਪੁਰਾਣਾ ਕੂੜਾ ਹੁਣ ਨੈਸ਼ਨਲ ਹਾਈਵੇਅ ਦੀਆਂ ਸੜਕਾਂ ਬਣਾਉਣ ਦੇ ਕੰਮ ਆਏਗਾ। ਹੁਣ ਨਗਰ ਨਿਗਮ ਦੇ ਡੰਪ ’ਤੇ ਬਾਈ ਰੈਮੇਡੀਏਸ਼ਨ ਪਲਾਂਟ ਚਲਾਉਣ ਵਾਲੇ ਠੇਕੇਦਾਰ ਨੇ ਨੈਸ਼ਨਲ ਹਾਈਵੇਅ ਨੂੰ ਇਹ ਰੀਸਾਈਕਲ ਕੂੜਾ ਦੇਣ ਦਾ ਐਮਓਯੂ ਸਾਈਨ ਕੀਤਾ। ਇਸ ਸਬੰਧੀ ਅੱਜ ਨਗਰ ਨਿਗਮ ਦਫ਼ਤਰ ਵਿੱਚ ਨੈਸ਼ਨਲ ਹਾਈਵੇਅ ਦੇ ਅਧਿਕਾਰੀ ਤੇ ਠੇਕੇਦਾਰ ਨੇ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਵਿੱਚ ਇਸ ਐੱਮਓਯੂ ’ਤੇ ਦਸਤਖ਼ਤ ਕੀਤੇ।
ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਨਿਗਮ ਦੇ ਤਾਜਪੁਰ ਰੋਡ ਸਥਿਤ ਕੂੜੇ ਦੇ ਡੰਪ ’ਤੇ ਪਏ ਸਾਲਾਂ ਪੁਰਾਣੇ ਕੂੜੇ ਨੂੰ ਹੁਣ ਲੁਧਿਆਣਾ ਰੋਪੜ ਹਾਈਵੇਅ ’ਤੇ ਸੜਕ ਬਣਾਉਣ ਲਈ ਵਰਤਿਆ ਜਾਵੇਗਾ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਨਗਰ ਨਿਗਮ ਨੇ ਕੂੜੇ ਦੀ ਬਾਇਓ ਰੇਮੇਡੀਏਸ਼ਨ ਲਈ ਠੇਕੇਦਾਰ ਰੱਖਿਆ ਹੈ। ਜੋ ਕਿ ਸਾਲਾਂ ਪੁਰਾਣੇ ਕੂੜੇ ਦੀ ਰੀ-ਸਾਈਕਲ ਕਰ ਰਿਹਾ ਹੈ। ਇਸ ਪ੍ਰੋਸੈੱਸ ਦੇ ਜ਼ਰੀਏ ਕੂੜੇ ਵਿੱਚ ਅਜਿਹਾ ਤੱਤ ਤਿਆਰ ਕੀਤਾ ਜਾ ਰਿਹਾ ਹੈ ਜੋ ਸੜਕਾਂ ਬਣਾਉਣ ਤੇ ਸੜਕਾਂ ਦੀ ਮੁਰੰਮਤ ਲਈ ਕੰਮ ਆਉਂਦਾ ਹੈ। ਇਸ ਲਈ ਸਭ ਤੋਂ ਪਹਿਲਾਂ ਦਿੱਲੀ ’ਚ ਇਸ ਪ੍ਰਾਜੈਕਟ ’ਤੇ ਕੰਮ ਕੀਤਾ ਗਿਆ ਸੀ। ਇਸ ਦੀ ਸਫ਼ਲਤਾ ਤੋਂ ਬਾਅਦ ਸੂਬੇ ਵਿੱਚ ਸਭ ਤੋਂ ਪਹਿਲਾਂ ਇਹ ਕੰਮ ਲੁਧਿਆਣਾ ਵਿੱਚ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਲਈ ਅੱਜ ਨੈਸ਼ਨਲ ਹਾਈਵੇਅ ’ਤੇ ਸੜਕਾਂ ਬਣਾਉਣ ਵਾਲੇ ਠੇਕੇਦਾਰ ਤੇ ਨਗਰ ਨਿਗਮ ਦੇ ਕੂੜੇ ਦਾ ਬਾਇਓ ਰੇਮੇਡੀਏਸ਼ਨ ਪ੍ਰਾਜੈਕਟ ਚਲਾਉਣ ਵਾਲੇ ਠੇਕੇਦਾਰ ਨਾਲ ਸਮਝੌਤਾ ਹੋਇਆ ਹੈ। ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀ ਤੇ ਨੈਸ਼ਨਲ ਹਾਈਵੇਅ ਦੇ ਅਧਿਕਾਰੀ ਮੌਜੂਦ ਸਨ।