For the best experience, open
https://m.punjabitribuneonline.com
on your mobile browser.
Advertisement

ਹੁਣ ਮੈਂ ਚੁੱਪ ਰਹਾਂਗਾ...

08:21 AM Jun 08, 2024 IST
ਹੁਣ ਮੈਂ ਚੁੱਪ ਰਹਾਂਗਾ
Advertisement

ਦਰਸ਼ਨ ਸਿੰਘ

ਹੁਣ ਵਾਂਗ ਉਦੋਂ ਇੰਨੇ ਕਾਲਜ ਨਹੀਂ ਸਨ। ਦਸਵੀਂ ਪਾਸ ਕਰਨ ਪਿੱਛੋਂ ਸੋਚਦਾ ਸਾਂ- ਕੀ ਕੀਤਾ ਜਾਵੇ। ਸ਼ਹਿਰ ਪੜ੍ਹਨ ਲਈ ਜਾਣਾ ਪੈਣਾ ਸੀ ਪਰ ਸਮੱਸਿਆ ਉੱਥੇ ਜਾਣ ਅਤੇ ਰਹਿਣ ਦੀ ਸੀ। ਨਿੱਤ ਦਾ ਸਫ਼ਰ ਮੇਰੀ ਕਮਜ਼ੋਰ ਸਿਹਤ ਨੂੰ ਰਾਸ ਨਹੀਂ ਸੀ ਅਤੇ ਹੋਸਟਲ ਵਿੱਚ ਰਹਿਣਾ ਵੀ ਮੇਰੇ ਸੰਗਾਊ ਸੁਭਾਅ ਲਈ ਬਰਦਾਸ਼ਤ ਤੋਂ ਬਾਹਰ ਸੀ। ਵਿਚਾਰਾਂ ਤੇ ਸਲਾਹਾਂ ਪਿੱਛੋਂ ਆਖ਼ਿਰ ਉੱਥੇ ਕਮਰਾ ਲੈ ਕੇ ਰਹਿਣ ਦੇ ਮੇਰੇ ਫ਼ੈਸਲੇ ਨੂੰ ਮਾਪਿਆਂ ਦੀ ਮਨਜ਼ੂਰੀ ਮਿਲ ਗਈ।
ਚੰਗੀ ਗੱਲ ਇਹ ਹੋਈ ਕਿ ਕੁਝ ਹੀ ਦਿਨਾਂ ਵਿੱਚ ਮੇਰਾ ਇਕ ਸਹਿਪਾਠੀ ਮੇਰੇ ਨਾਲ ਰਹਿਣ ਲੱਗਾ। ਛੇਤੀ ਹੀ ਅਸੀਂ ਬਹੁਤ ਘੁਲ ਮਿਲ ਗਏ। ਸੁਭਾਅ ਵੀ ਸਾਡੇ ਇਕੋ ਜਿਹੇ ਸਨ। ਮਕਾਨ ਮਾਲਕ ਵੀ ਸ਼ਰੀਫ ਮਿਲੇ। ਆਂਢੀ-ਗੁਆਂਢੀ ਉਨ੍ਹਾਂ ਨੂੰ ਸੂਬੇਦਾਰ ਅਤੇ ਸੂਬੇਦਾਰਨੀ ਕਹਿ ਕੇ ਬੁਲਾਉਂਦੇ। ਦੋਵੇਂ ਜੀਅ ਸਾਡਾ ਬੜਾ ਖਿਆਲ ਰੱਖਦੇ। ਸ਼ਹਿਰ ਵਿੱਚ ਇਕੱਲੇਪਨ ਜਾਂ ਬੇਗਾਨਗੀ ਦਾ ਅਹਿਸਾਸ ਜਲਦੀ ਖ਼ਤਮ ਹੋ ਗਿਆ। ਮੱਛਰਦਾਨੀ ਲਗਾ ਕੇ ਉਹ ਖੁੱਲ੍ਹੇ ਵਿਹੜੇ ਵਿੱਚ ਸੌਂਦੇ। ਸਾਡੇ ਕਮਰੇ ਵਿੱਚ ਵੀ ਪੱਖਾ ਨਾ ਹੋਣ ਕਰ ਕੇ ਅਸੀਂ ਵੀ ਉਨ੍ਹਾਂ ਨਾਲ ਹੀ ਫੋਲਡਿੰਗ ਬੈੱਡ ਡਾਹ ਲੈਂਦੇ। ਸੂਬੇਦਾਰਨੀ ਤਾਂ ਘੱਟ ਹੀ ਬੋਲਦੀ ਪਰ ਸੂਬੇਦਾਰ ਆਪਣੇ ਬਚਪਨ, ਜਵਾਨੀ ਅਤੇ ਜ਼ਿੰਦਗੀ ਦੇ ਹੰਢਾਏ ਰੰਗਾਂ-ਢੰਗਾਂ ਤੇ ਹੋਰ ਅਨੁਭਵਾਂ ਨੂੰ ਸਾਡੇ ਨਾਲ ਅਕਸਰ ਸਾਂਝਾ ਕਰਦਾ। ਸੌਣ ਵੇਲੇ ਨਵੀਆਂ-ਨਵੀਆਂ ਗੱਲਾਂ ਸੁਣਾਉਣ ਦੀ ਕਾਹਲ ਉਸ ਨੂੰ ਸਦਾ ਬਣੀ ਰਹਿੰਦੀ। ਉਸ ਦੀਆਂ ਗੱਲਾਂ ਨੂੰ ਅਸੀਂ ਦੋਵੇਂ ਹੁੰਗਾਰਾ ਵੀ ਭਰਦੇ। ਅੱਧੇ ਕੁ ਘੰਟੇ ਦੀਆਂ ਗੱਲਾਂ ਪਿੱਛੋਂ ਉਹ ਆਪ ਵੀ ਸੌਂ ਜਾਂਦਾ ਅਤੇ ਅਸੀਂ ਵੀ ਆਪੋ-ਆਪਣੀ ਚਾਦਰ ਲੈ ਕੇ ਸੁਹਾਵੀ ਨੀਂਦ ਉਡੀਕਣ ਲਗਦੇ। ਕਦੇ-ਕਦਾਈ ਉਸ ਦੀ ਗੱਲ ਲਮੇਰੀ ਹੋ ਜਾਂਦੀ ਪਰ ਇੰਨੀ ਵੀ ਨਹੀਂ ਕਿ ਅਸੀਂ ਸੁਣਦੇ-ਸੁਣਦੇ ਅੱਕ-ਥੱਕ ਜਾਈਏ!
ਵਜ੍ਹਾ ਭਾਵੇਂ ਕੋਈ ਨਹੀਂ ਸੀ, ਫਿਰ ਵੀ ਪਤਾ ਨਹੀਂ ਕਿਉਂ, ਹੌਲੀ-ਹੌਲੀ ਸਾਡੀ ਦੋਹਾਂ ਦੀ ਦਿਲਚਸਪੀ ਉਸ ਦੀਆਂ ਗੱਲਾਂ ਵਿੱਚ ਘਟਣ ਲੱਗੀ। ਬਦੋਬਦੀ ਹੀ ਅਸੀਂ ਹੂੰ ਹਾਂ ਕਰਦੇ। ਗੱਲ ਕਰਦੇ-ਕਰਦੇ ਇਕ ਦਿਨ ਉਸ ਨੇ ਪੁੱਛਿਆ, “ਕਿਹੜੀ ਗੱਲ ਕਰ ਰਿਹਾ ਸੀ?” ਰਸੋਈ ’ਚ ਰੁੱਝੀ ਸੂਬੇਦਾਰਨੀ ਵੱਲੋਂ ਆਵਾਜ਼ ਮਾਰਨ ਕਾਰਨ ਗੱਲ ਉਸ ਦੇ ਚੇਤਿਉਂ ਲਹਿ ਗਈ ਸੀ। ਅਸੀਂ ਵੀ ਕਿਹੜਾ ਉਸ ਦੀ ਗੱਲ ਸੁਣ ਰਹੇ ਸਾਂ। ਅੱਖਾਂ ਸਾਡੀਆਂ ਪਹਿਲੋਂ ਹੀ ਨੀਂਦ ਵਿੱਚ ਸਨ। “ਸੁਣਦੇ ਵੀ ਹੋਂ ਕਿ ਸੌਂ ਗੇ ਸੀ?” ਝੂਠ ਬੋਲਦਿਆਂ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਮੌਕਾ ਸੰਭਾਲਿਆ ਅਤੇ ਇਸ ਗੱਲ ਦੀ ਸਚਾਈ ਬਾਹਰ ਹੀ ਨਾ ਆਉਣ ਦਿੱਤੀ ਕਿ ਅਸੀਂ ਤਾਂ ਉਸ ਦੀ ਗੱਲ ਸੁਣੀ ਹੀ ਨਹੀਂ ਸੀ।
ਨਿੱਤ ਦੀ ਇਸ ਤੰਗੀ ਤੋਂ ਖਹਿੜਾ ਛੁਡਾਉਣ ਲਈ ਅਸੀਂ ਇਕ ਦਿਨ ਸੋਚਿਆ ਕਿ ਸੂਬੇਦਾਰ ਨੂੰ ਕਹਿ ਹੀ ਦਿਆਂਗੇ ਕਿ ਰਾਤ ਦੇਰ ਤਕ ਗੱਲਾਂ ਕਰਦੇ ਰਹਿਣ ਨਾਲ ਸਾਨੂੰ ਸਵੇਰੇ ਸਾਝਰੇ ਉੱਠਣ ’ਚ ਔਖ ਹੁੰਦੀ ਹੈ ਪਰ ਇਹ ਗੱਲ ਕਹਿਣ ਤੋਂ ਝਿਝਕਦੇ ਰਹੇ, ਹੌਸਲਾ ਹੀ ਨਾ ਪਿਆ। ਰਾਤ ਹੋਈ ਤਾਂ ਉਸ ਨੇ ਪਹਿਲਾਂ ਵਾਂਗ ਹੀ ਗੱਲਾਂ ਤੋਰ ਲਈਆਂ। ਮਨ ਹੀ ਮਨ ਅਸੀਂ ਚੁੱਪ ਰਹਿਣ ਦਾ ਮਨ ਬਣਾਈ ਬੈਠੇ ਸਾਂ। ਉਸ ਰਾਤ ਆਪਣੇ ਸੱਤ ਅੱਠ ਸਾਲਾਂ ਦੇ ਬੱਚੇ ਦੀ ਵਰ੍ਹਿਆਂ ਪਹਿਲੋਂ ਹੋਈ ਮੌਤ ਬਾਰੇ ਗੱਲ ਕਰਦਿਆਂ ਉਸ ਦੀਆਂ ਅੱਖਾਂ ’ਚੋਂ ਹੰਝੂ ਕਿਰਨ ਲੱਗੇ। ਅਸਹਿ ਚੀਸ ਤੇ ਪੀੜ ਨਾਲ ਉਸ ਦੀਆਂ ਅੱਖਾਂ ਸਾਨੂੰ ਪਥਰਾਈਆਂ ਲੱਗੀਆਂ। ਉਮਰ ਸਾਡੀ ਛੋਟੀ ਸੀ ਪਰ ਉਸ ਨੂੰ ਚੁੱਪ ਕਰਾਉਣ ਲਈ ਸਿਆਣਿਆ ਵਾਂਗ ਕਈ ਤਰ੍ਹਾਂ ਦੇ ਦਿਲਾਸੇ ਅਸੀਂ ਦਿੱਤੇ। ਸੂਬੇਦਾਰਨੀ ਵੀ ਉਸ ਦੀਆਂ ਅੱਖਾਂ ਪੂੰਝਦੀ ਆਪ ਰੋ ਪਈ। ਡੂੰਘੀ ਪਸਰੀ ਚੁੱਪ ਕਾਰਨ ਚਿਹਰੇ ਸਾਡੇ ਵੀ ਉਦਾਸੇ ਗਏ। ਕੁਝ ਪਲ ਅਸੀਂ ਸਾਰੇ ਇਹ ਚੁੱਪ ਨਾ ਤੋੜ ਸਕੇ। “ਮਨ ਹੌਲਾ ਹੋ ਗਿਆ ਦੁੱਖ ਸਾਂਝਾ ਕਰ ਕੇ। ਸੋਚਦਾ ਹਾਂ ਕਿ ਅੱਜ ਜੇ ਉਹ ਜਿਊਂਦਾ ਹੁੰਦਾ ਤਾਂ ਤੁਹਾਡੇ ਜਿੱਡਾ ਹੁੰਦਾ। ਕਾਲਜ ਪੜ੍ਹਦਾ। ਪਿਉ ਪੁੱਤ ’ਕੱਠੇ ਬੈਠੇ ਗੱਲਾਂ ਕਰਦੇ। ਨੂੰਹ ਘਰ ਆਉਂਦੀ। ਤੁਹਾਡੇ ਨਾਲ ਗੱਲਾਂ ਕਰਦਿਆਂ ਜਾਪਦਾ ਜਿਵੇਂ ‘ਉਸ’ ਨਾਲ ਹੀ ਗੱਲਾਂ ਕਰ ਰਿਹਾ ਹੋਵਾਂ.. ਇੰਨ ਬਿੰਨ ਉਸ ਵਰਗੇ ਲਗਦੇ ਹੋ ਤੁਸੀਂ ਮੈਨੂੰ।” ਅੱਖਾਂ ਉਸ ਨੇ ਚਾਦਰ ਨਾਲ ਇਕ ਵਾਰ ਫਿਰ ਪੂੰਝੀਆਂ।
ਪਹਿਲੀ ਵਾਰ ਮੈਨੂੰ ਜਾਪਿਆ ਕਿ ਕਿੰਨਾ ਔਖਾ ਹੁੰਦਾ ਹੈ ਅੱਖਾਂ ’ਚੋਂ ਵਗਦੇ ਹੰਝੂਆਂ ਨੂੰ ਆਪਣੇ ਹੱਥੀਂ ਆਪ ਹੀ ਪੂੰਝਣਾ ਜਾਂ ਕਦੀ-ਕਦੀ ਇਨ੍ਹਾਂ ਨੂੰ ਅੱਖਾਂ ਦੀਆ ਪਲਕਾਂ ਹੇਠ ਲੁਕਾਉਣਾ। ਅਸੀਂ ਦੋਵੇਂ ਚੁੱਪ ਸਾਂ। ਭਰਨ ਲਈ ਕੋਈ ਹੁੰਗਾਰਾ ਵੀ ਜਿਵੇਂ ਸਾਡੇ ਕੋਲ ਨਾ ਬਚਿਆ ਹੋਵੇ। ਥੋੜ੍ਹਾ ਸੰਭਲਿਆ ਤਾਂ ਕਹਿਣ ਲੱਗਾ, “ਹੁਣ ਮੈਂ ਚੁੱਪ ਹੀ ਰਹਾਂਗਾ। ਪਤਾ ਮੈਨੂੰ ਕਿ ਤੁਸੀਂ ਸਵੇਰੇ ਉੱਠ ਕੇ ਪੜ੍ਹਨਾ ਹੁੰਦਾ ਹੈ। ਗੱਲਾਂ ਕਰ ਕੇ ਮਿਲਦਾ ਤਾਂ ਕੁਝ ਨ੍ਹੀਂ, ਫੇਰ ਵੀ...।”
ਜਿਵੇਂ ਅਸੀਂ ਕਿਸੇ ਪਛਤਾਵੇ ਦੇ ਬੋਝ ਹੇਠਾਂ ਹੁਣ ਦੱਬਦੇ ਜਾ ਰਹੇ ਹੋਈਏੇ। ਇਸ ਪਿੱਛੋਂ ਅਸੀਂ ਆਪਣੇ ਵੱਲੋਂ ਗੱਲ ਸ਼ੁਰੂ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ, ਉਹ ਹੱਸਦੇ ਹੋਏ ਆਖਦਾ, “ਬਹੁਤ ਗੱਲਾਂ ਹੋ ਗਈਆਂ। ਤੁਹਾਡਾ ਇਮਤਿਹਾਨ ਨੇੜੇ ਹੈ। ਪੜ੍ਹੋ ਤੇ ਕੁਝ ਬਣੋ।” ਮੈਂ ਸੋਚਦਾ ਸਾਂ ਕਿ ਕਿਸੇ ਦੀ ਮਨੋਸਥਿਤੀ ਤੇ ਉਸ ਦੇ ਅੰਦਰ ਨੂੰ ਸਮਝਣ ਲਈ ਉਸ ਦੀਆਂ ਗੱਲਾਂ ਸੁਣਨਾ ਬਹੁਤ ਵੱਡੀ ਗੱਲ ਹੁੰਦੀ ਹੈ। ‘ਗੱਲੀਂ ਗੱਲੀਂ ਜਾਣੀਏਂ, ਉੱਤੋਂ ਕੀ ਪਛਾਣੀਏਂ’।
ਹੁਣ ਵੀ ਕਈ ਵਰ੍ਹਿਆਂ ਪਿੱਛੋਂ ਸੂਬੇਦਾਰ ਨੂੰ ਯਾਦ ਕਰਦਿਆਂ ਅਹਿਸਾਸ ਹੁੰਦਾ ਹੈ ਕਿ ਮਨੁੱਖ, ਮਨੁੱਖ ਵਿੱਚੋਂ ਹੀ ਆਪਣੇ ਦੁੱਖਾਂ ਲਈ ਸਕੂਨ ਭਾਲਦਾ ਅਤੇ ਆਪਣੀ ਇਕੱਲ ਨੂੰ ਭਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਗੱਲ ਸੋਚਣੀ ਸਮਝਣੀ ਬਹੁਤ ਜ਼ਰੂਰੀ ਹੈ।

Advertisement

ਸੰਪਰਕ: 94667-37933

Advertisement
Author Image

sukhwinder singh

View all posts

Advertisement
Advertisement
×