ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨੀ ਨਾਲ ਜੁੜਿਆ ਨਾਵਲਕਾਰ

10:00 AM Jul 26, 2020 IST

ਨਿਰੰਜਣ ਬੋਹਾ

Advertisement

ਸ਼ਰਧਾਂਜਲੀ

ਅਜੇ ਛੇ ਸੱਤ ਦਨਿ ਪਹਿਲਾਂ ਹੀ ਰਾਜ ਕੁਮਾਰ ਗਰਗ ਨਾਲ ਫੋਨ ’ਤੇ ਗੱਲ ਹੋਈ ਸੀ ਤੇ ਉਸ ਛੇਤੀ ਹੀ ਸੰਗਰੂਰ ਮਿਲ ਕੇ ਜਾਣ ਦਾ ਵਾਅਦਾ ਮੈਥੋਂ ਲਿਆ ਸੀ। ਉਸ ਨੇ ਆਪਣੇ ਬਿਮਾਰ ਹੋਣ ਦੀ ਗੱਲ ਕਹੀ ਤਾਂ ਸੀ, ਪਰ ਮੈਂ ਇਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਸੀ ਲਿਆ। ਸੋਚਿਆ ਸੀ ਕਿ ਜਦੋਂ ਸੰਗਰੂਰ ਵੱਲ ਗੇੜਾ ਲੱਗਿਆ ਤਾਂ ਇਸ ਮੋਹਖੋਰੇ ਲੇਖਕ ਨੂੰ ਵੀ ਮਿਲ ਆਵਾਂਗਾ। ਉਸ ਦੇ ਇਸ ਤਰ੍ਹਾਂ ਤੁਰ ਜਾਣ ਦਾ ਤਾਂ ਮੈਨੂੰ ਚਿੱਤ ਚੇਤਾ ਵੀ ਨਹੀਂ ਸੀ। ਸਵੇਰ ਸਾਰ ਫੇਸਬੁੱਕ ’ਤੇ ਉਸ ਦੇ ਅਛੋਪਲੇ ਜਿਹੇ ਤੁਰ ਜਾਣ ਦੀ ਖਬ਼ਰ ਪੜ੍ਹੀ ਤਾਂ ਮਨ ਨੂੰ ਝਟਕਾ ਜਿਹਾ ਲੱਗਾ ਕਿ ਉਸ ਨਾਲ ਕੀਤਾ ਵਾਅਦਾ ਮੈਂ ਹੁਣ ਕਦੇ ਵੀ ਪੂਰਾ ਨਹੀਂ ਕਰ ਸਕਾਂਗਾ।

Advertisement

ਉਸ ਨਾਲ ਆਹਮੋ-ਸਾਹਮਣੇ ਰੂ-ਬ-ਰੂ ਹੋਇਆਂ ਤਾਂ ਲਗਭਗ ਇਕ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ, ਪਰ ਉਸ ਨਾਲ ਫੋਨ ’ਤੇ ਅਕਸਰ ਗੱਲਬਾਤ ਹੁੰਦੀ ਰਹੀ ਹੈ। ਉਸ ਨਾਲ ਆਖ਼ਰੀ ਵਾਰ ਹੋਈ ਗੱਲਬਾਤ ਦਾ ਸਬੱਬ ਇਸੇ ਮਹੀਨੇ ਛਪ ਕੇ ਆਇਆ ਨਾਵਲ ‘ਚਾਨਣ ਦੀ ਉਡੀਕ’ ਬਣਿਆ। ਉਹ ਆਪਣੀ ਛਪੀ ਹਰ ਕਿਤਾਬ ਮੈਨੂੰ ਭੇਜਦਾ ਤੇ ਦੋਸਤੀ ਨਾਤੇ ਇਹ ਉਮੀਦ ਵੀ ਰੱਖਦਾ ਕਿ ਮੈਂ ਇਸ ਬਾਰੇ ਕਿਸੇ ਪਰਚੇ ਜਾਂ ਅਖ਼ਬਾਰ ਵਿਚ ਜ਼ਰੂਰ ਲਿਖਾਂ। ਉਸ ਦੇ ਦੋ ਤਿੰਨ ਨਾਵਲਾਂ ਬਾਰੇ ਮੈਂ ਲੇਖ ਲਿਖੇ ਵੀ। ਜਦੋਂ ਮੈਂ ਘੌਲ ਕਰ ਜਾਂਦਾ ਤਾਂ ਉਹ ਗੱਡੇ ਜਿੱਡਾ ਉਲਾਂਭਾ ਦੇਂਦਾ। ਉਸ ਨੂੰ ਮਿਲ ਕੇ ਆਉਣ ਦਾ ਵਾਅਦਾ ਤਾਂ ਪੂਰਾ ਨਹੀਂ ਕਰ ਸਕਿਆ, ਪਰ ਇਹ ਸੋਚ ਕੇ ਥੋੜ੍ਹੀ ਰਾਹਤ ਜ਼ਰੂਰ ਮਹਿਸੂਸ ਕਰ ਰਿਹਾ ਹਾਂ ਕਿ ਉਸ ਦੇ ਆਖ਼ਰੀ ਨਾਵਲ ਬਾਰੇ ਰੀਵਿਊ ਲਿਖਣ ਦੀ ਜ਼ਿੰਮੇਵਾਰੀ ਮੈਂ ਉਸ ਦੇ ਜਿਉਂਦੇ ਜੀਅ ਨਿਭਾਅ ਦਿੱਤੀ ਹੈ ਤੇ ਉਸ ਨਾਲ ਫੋਨ ’ਤੇ ਹੋਈ ਆਖ਼ਰੀ ਵਾਰ ਦੀ ਗੱਲਬਾਤ ਸਮੇਂ ਮੈਂ ਇਸ ਦੀ ਸੂਚਨਾ ਵੀ ਉਸ ਨੂੰ ਦੇ ਚੁੱਕਾ ਹਾਂ। ਮੇਰੇ ਲਈ ਇਹ ਵੱਡੀ ਤਸੱਲੀ ਹੈ ਕਿ ਉਹ ਮੇਰੇ ਵੱਲੋਂ ਆਪਣੀਆਂ ਪੁਸਤਕਾਂ ਬਾਰੇ ਨਾ ਲਿਖਣ ਦਾ ਗਿਲਾ ਆਪਣੇ ਨਾਲ ਨਹੀਂ ਲੈ ਕੇ ਗਿਆ।

ਆੜ੍ਹਤੀਆ ਵਪਾਰੀ ਵਰਗ ਨਾਲ ਸਬੰਧਤ ਕੋਈ ਵਿਰਲਾ ਵਿਅਕਤੀ ਹੀ ਹੋਵੇਗਾ ਜਿਸ ਨੇ ਰਾਜ ਕੁਮਾਰ ਗਰਗ ਵਾਂਗ ਸਾਹਿਤ ਦੇ ਖੇਤਰ ਵਿਚ ਛੱਬੀ ਪੁਸਤਕਾਂ ਦਾ ਮਹੱਤਵਪੂਰਨ ਯੋਗਦਾਨ ਪਾਇਆ ਹੋਵੇ। ਭਾਵੇਂ ਉਸ ਨੇ ਕੁਝ ਸਮਾਂ ਖੇਤੀਬਾੜੀ ਵਿਭਾਗ ਵਿਚ ਸਰਕਾਰੀ ਨੌਕਰੀ ਵੀ ਕੀਤੀ ਹੈ, ਪਰ ਕਮਾਈ ਕਰਨ ਦੀ ਉਮਰ ਦਾ ਵਧੇਰੇ ਹਿੱਸਾ ਉਸ ਨੇ ਆੜ੍ਹਤ ਤੇ ਸ਼ੈਲਰ ਦੇ ਕਾਰੋਬਾਰ ਨਾਲ ਜੁੜੇ ਵਪਾਰ ਦੇ ਲੇਖੇ ਹੀ ਲਾਇਆ। ਆੜ੍ਹਤੀਆ ਹੋਣ ਕਾਰਨ ਉਹ ਕਿਸਾਨਾਂ ਦੀਆਂ ਮਨੋ-ਸਮਾਜਿਕ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਤੇ ਇਨ੍ਹਾਂ ਸਮੱਸਿਆਵਾਂ ਪ੍ਰਤੀ ਪੂਰੀ ਹਮਦਰਦੀ ਵੀ ਰੱਖਦਾ ਸੀ। ਉਸ ਨੇ ਕਿਸਾਨ ਦੇ ਮੁਸ਼ਕਿਲਾਂ ਭਰੇ ਜੀਵਨ ਨਾਲ ਹਮਦਰਦੀ ਪ੍ਰਗਟਾਉਂਦਾ ਨਾਵਲ ‘ਜੱਟ ਦੀ ਜੂਨ’ ਲਿਖਿਆ। ਆੜ੍ਹਤੀਆ ਵਰਗ ਵਿਚੋਂ ਆਏ ਕਿਸੇ ਵਿਅਕਤੀ ਵੱਲੋਂ ਕਿਸਾਨ ਦੀ ਮੰਡੀ ਵਿਚ ਹੋ ਰਹੀ ਹੋ ਰਹੀ ਲੁੱਟ ਬਾਰੇ ਲਿਖਣਾ ਵੱਡਾ ਜੇਰੇ ਵੱਲ ਕੰਮ ਸੀ ਤੇ ਇਹ ਕੰਮ ਕੇਵਲ ਰਾਜ ਕੁਮਾਰ ਗਰਗ ਦੇ ਹਿੱਸੇ ਆਇਆ।

ਰਾਜ ਕੁਮਾਰ ਗਰਗ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੇ ਉਤਰਾਅ-ਚੜ੍ਹਾਅ ਵੇਖੇ। ਸ਼ਾਹੂਕਾਰ ਤੇ ਪੇਂਡੂ ਬੈਂਕਰ ਘਰਾਣੇ ਵਿਚ ਜਨਮੇ ਰਾਜ ਕੁਮਾਰ ਦਾ ਬਚਪਨ ਸੱਚਮੁੱਚ ਹੀ ਰਾਜਕੁਮਾਰਾਂ ਵਾਂਗ ਬੀਤਿਆ ਸੀ। ਜਵਾਨੀ ਦੀ ਉਮਰੇ ਉਸ ਨੇ ਰਾਜਨੀਤਕ ਖੇਤਰ ਵਿਚ ਆਪਣਾ ਚੰਗਾ ਨਾਂ ਥਾਂ ਬਣਾਇਆ ਅਤੇ ਆਰੀਆ ਸਮਾਜ ਨਾਲ ਸਬੰਧਤ ਵਿੱਦਿਅਕ ਸੰਸਥਾਵਾਂ ਦੇ ਸੰਚਾਲਣ ਵਿਚ ਵੀ ਮੋਹਰੀ ਭੂਮਿਕਾ ਨਿਭਾਈ। ਇਕ ਪਾਸੇ ਪੰਜਾਬੀ ਕਹਾਣੀ ਤੇ ਨਾਵਲ ਦੇ ਖੇਤਰ ਵਿਚ ਉਸ ਨੂੰ ਉਸ ਦੇ ਹਿੱਸੇ ਆਉਂਦੀ ਪਛਾਣ ਮਿਲੀ ਤਾਂ ਦੂਜੇ ਪਾਸੇ ਵਪਾਰਕ ਖੇਤਰ ਵਿਚ ਵੀ ਉਸਦਾ ਨਾਂ ਚੋਟੀ ਦੇ ਵਪਾਰੀਆਂ ਵਿਚ ਬੋਲਣ ਲੱਗਾ। ਇਹ ਖੁਸ਼ਹਾਲੀ ਦੇ ਦਨਿ ਉਸ ਦੇ ਜੀਵਨ ਦਾ ਇਤਿਹਾਸ ਤਾਂ ਬਣੇ, ਪਰ ਅਧੇੜ ਉਮਰੇ ਉਸ ਦਾ ਸਾਥ ਦੇਣ ਤੋਂ ਇਨਕਾਰੀ ਹੋ ਗਏ। ਜੀਵਨ ਦੇ ਇਸ ਪੜਾਅ ’ਤੇ ਪੰਜਾਬ ਸੰਕਟ ਦੇ ਕਾਲੇ ਦੌਰ ਨੇ ਉਸ ਦਾ ਵਪਾਰ ਚੌਪਟ ਕਰ ਦਿੱਤਾ ਤੇ ਖੇਤੀਬਾੜੀ ਇੰਸਪੈਕਟਰ ਦੀ ਸਰਕਾਰੀ ਨੌਕਰੀ ਛੱਡਣ ਦੀ ਗ਼ਲਤੀ ਨੇ ਉਸ ਦਾ ਜੀਵਨ ਪੂਰੀ ਤਰ੍ਹਾਂ ਲੀਹੋਂ ਲਾਹ ਦਿੱਤਾ। ਏਨਾ ਕੁਝ ਹੋਣ ਦੇ ਬਾਵਜੂਦ ਮੈਂ ਉਸ ਨੂੰ ਕਦੇ ਹਾਰੇ ਹੋਏ ਮਨੁੱਖ ਵਾਂਗ ਨਿਰਾਸ਼ ਜਿਹੀਆਂ ਗੱਲਾਂ ਕਰਦੇ ਨਹੀਂ ਵੇਖਿਆ। ਪਿਛਲੇ ਸਮੇਂ ਦੀ ਬਿਮਾਰੀ ਨੇ ਉਸ ਨੂੰ ਸਰੀਰਕ ਤੌਰ ’ਤੇ ਭਾਵੇਂ ਕੁਝ ਕਮਜ਼ੋਰ ਕਰ ਦਿੱਤਾ ਸੀ, ਪਰ ਬਿਸਤਰੇ ’ਤੇ ਲੇਟਿਆਂ ਵੀ ਉਸ ਵੱਲੋਂ ਚੰਗੇ ਸਮੇਂ ਦੀ ਉਡੀਕ ਵਿਚ ਲਿਖਿਆ ਨਾਵਲ ‘ਚਾਨਣ ਦੀ ਉਡੀਕ’ ਮਾਨਸਿਕ ਤੌਰ ’ਤੇ ਅੰਤਲੇ ਸਮੇਂ ਤਕ ਉਸ ਦੇ ਚੜ੍ਹਦੀ ਕਲਾ ਵਿਚ ਰਹਿਣ ਦੀ ਗਵਾਹੀ ਭਰਦਾ ਹੈ।

ਵਪਾਰ ਵਿਚ ਪਏ ਘਾਟੇ ਤੋਂ ਬਾਅਦ ਉਸ ਦੇ ਜੀਵਨ ਵਿਚ ਆਈਆਂ ਮੁਸ਼ਕਿਲਾਂ ਤੇ ਇਨ੍ਹਾਂ ਤੋਂ ਪਾਰ ਜਾਣ ਲਈ ਉਸ ਵੱਲੋਂ ਕੀਤੇ ਸੰਘਰਸ਼ ਦੇ ਵੇਰਵੇ ਬਹੁਤ ਹੈਰਾਨ ਕਰਨ ਵਾਲੇ ਹਨ। ਥਾਣੇ ਕਚਹਿਰੀਆਂ ਦੇ ਚੱਕਰ, ਧਮਕੀਆਂ ਦਾ ਸਾਹਮਣਾ, ਜਾਨਲੇਵਾ ਹਮਲੇ ਤੇ ਘਰੋਂ ਚੋਰੀ ਭੱਜ ਕੇ ਅਲਾਹਾਬਾਦ ਦੇ ਆਸ਼ਰਮ ਵਿਚ ਪਨਾਹ ਲੈਣ ਵਰਗੇ ਹਾਲਾਤ ਦਾ ਸਾਹਮਣਾ ਉਸ ਵਰਗਾ ਸਿਰੜੀ ਮਨੁੱਖ ਹੀ ਕਰ ਸਕਦਾ ਹੈ। ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਾਹਿਤਕ ਖੇਤਰ ਦੇ ਦੋਸਤ ਵੀ ਔਖੇ ਸਮੇਂ ਉਸ ਦੇ ਬਹੁਤ ਕੰਮ ਆਏ। ਉਸ ਦੇ ਨਾਵਲ ਉਸ ਨੂੰ ਉਸ ਦਾ ਗੁਆਚਿਆ ਰੁਤਬਾ ਵਾਪਸ ਦਿਵਾਉਣ ਵਿਚ ਸਹਾਈ ਬਣੇ ਤੇ ਖੇਤੀਬਾੜੀ ਵਿਸ਼ੇ ’ਚ ਕੀਤੀ ਪੜ੍ਹਾਈ ਉਸ ਨੂੰ ਇਕ ਪ੍ਰਾਈਵੇਟ ਕਾਲਜ ਵਿਚ ਨੌਕਰੀ ਦਿਵਾ ਕੇ ਉਸ ਦੀ ਜੀਵਨ ਚੰਗਿਆੜੀ ਨੂੰ ਮਘਦਾ ਰੱਖਣ ਵਿਚ ਯੋਗਦਾਨ ਪਾਉਂਦੀ ਰਹੀ। ਉਹ ਵਪਾਰ ਦੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਸਮਝਦਿਆਂ ਵੀ ਨਫ਼ੇ ਨੁਕਸਾਨ ਦੀ ਵਧੇਰੇ ਪਰਵਾਹ ਨਹੀਂ ਸੀ ਕਰਦਾ ਤੇ ਨਾ ਹੀ ਜੀਵਨ ਵਿਚ ਕੀਤੀਆਂ ਗ਼ਲਤੀਆਂ ਬਾਰੇ ਦੋਸਤਾਂ ਕੋਲ ਕਿਸੇ ਤਰ੍ਹਾਂ ਦੀ ਪਰਦਾਪੋਸ਼ੀ ਕਰਦਾ ਸੀ। ਉਸ ਦਾ ਪੇਂਡੂ ਸੁਭਾਅ ਆਪਣਾ ਸਾਰਾ ਕੱਚ ਸੱਚ ਇਮਾਨਦਾਰੀ ਨਾਲ ਆਪਣੇ ਦੋਸਤਾਂ ਸਾਹਮਣੇ ਪੇਸ਼ ਕਰ ਦੇਂਦਾ ਸੀ। ਇਸ ਜਾਨਦਾਰ ਤੇ ਮੋਹਖੋਰੇ ਮਨੁੱਖ ਦੇ ਤੁਰ ਜਾਣ ’ਤੇ ਦਿਲ ਬਹੁਤ ਉਦਾਸ ਹੈ।

ਸੰਪਰਕ: 89682-82700

Advertisement
Tags :
ਕਿਸਾਨੀਜੁੜਿਆਨਾਵਲਕਾਰ